ਕਿਰਤੀ ਕਿਸਾਨ ਯੂਨੀਅਨ ਤੇ ਡੀਟੀਐੱਫ ਦਾ ਸੂਬਾਈ ਪ੍ਰਦਰਸ਼ਨ ਮੁਲਤਵੀ
ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਨਾਲ ਹੋਈ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸੂਬਾ ਪ੍ਰੈੱਸ ਸਕੱਤਰ ਰਮਿੰਦਰ ਸਿੰਘ ਪਟਿਆਲਾ, ਭੁਪਿੰਦਰ ਸਿੰਘ ਲੌਂਗੋਵਾਲ, ‘ਡੀ ਟੀ ਐੱਫ’ ਦੇ ਸੂਬਾ ਆਗੂ ਮੇਘਰਾਜ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਨੇ ਦੱਸਿਆ ਕਿ ਅੱਜ ਕਰੀਬ ਡੇਢ ਘੰਟਾ ਐੱਸ ਐੱਸ ਪੀ ਨਾਲ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ, ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਨਿਰਭੈ ਸਿੰਘ ਖਾਈ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਪੁਲੀਸ ਵਲੋਂਂ ਵਰਤੀ ਗਈ ਢਿੱਲ ਬਾਰੇ ਚਰਚਾ ਹੋਈ। ਆਗੂਆਂ ਨੇ ਦੱਸਿਆ ਕਿ ਲੰਘੀ 25 ਅਪਰੈਲ ਨੂੰ ਨਿਰਭੈ ਸਿੰਘ ਖਾਈ ’ਤੇ ਜਾਨਲੇਵਾ ਹਮਲਾ ਕਰ ਕੇ ਹਮਲਾਵਰਾਂ ਨੇ ਉਸ ਦੀਆਂ ਲੱਤਾਂ ਅਤੇ ਇੱਕ ਬਾਂਹ ਤੋੜ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਿਆਸੀ ਦਖਲਅੰਦਾਜ਼ੀ ਕਾਰਨ ਪੁਲੀਸ ਵਲੋਂ ਕੇਸ ਵਿੱਚ ਢਿੱਲ ਵਰਤੀ ਜਾ ਰਹੀ ਹੈ।
ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਐੱਸ ਐੱਸ ਪੀ ਵਲੋਂ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਰਹਿੰਦੀਆਂ ਕਮੀਆਂ ਪੂਰੀਆਂ ਕਰ ਕੇ ਮਾਮਲੇ ਵਿੱਚ ਨਿਰਭੈ ਸਿੰਘ ਖਾਈ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ। ਐੱਸ ਐੱਸ ਪੀ ਸੰਗਰੂਰ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਦੋਵਾਂ ਜਥੇਬੰਦੀਆਂ ਵੱਲੋਂ ਆਪਸੀ ਸਲਾਹ ਮਸ਼ਵਰਾ ਕਰ ਕੇ 25 ਸਤੰਬਰ ਨੂੰ ਹੋਣ ਵਾਲਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇ ਮਾਮਲੇ ਵਿੱਚ ਹੁਣ ਵੀ ਕਾਰਵਾਈ ਨਾ ਹੋਈ ਤਾਂ ਜਥੇਬੰਦੀਆਂ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੀਆਂ।