ਕਬਾਇਲੀਆਂ ’ਤੇ ਜ਼ੁਲਮ ਖ਼ਿਲਾਫ਼ ਸੂਬਾ ਪੱਧਰੀ ਰੈਲੀ
ਇਥੇ ਪੰਜਾਬ ਦੀਆਂ ਦਰਜਨਾਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਕਬਾਇਲੀਆਂ ’ਤੇ ਜ਼ੁਲਮਾਂ ਵਿਰੁੱਧ ਰੈਲੀ ਕੀਤੀ ਗਈ। ਇਸ ਦੌਰਾਨ ‘ਅਪਰੇਸ਼ਨ ਕਗਾਰ’ ਸਣੇ ਹਰ ਤਰ੍ਹਾਂ ਦੇ ਫੌਜੀ ਅਪਰੇਸ਼ਨ ਤੇ ਝੂਠੇ ਪੁਲੀਸ ਮੁਕਾਬਲੇ ਬੰਦ ਕਰਨ, ਜਲ-ਜੰਗਲ-ਜ਼ਮੀਨ ਤੇ ਖਣਿਜ ਭੰਡਾਰ ਕਾਰਪੋਰੇਟਾਂ ਨੂੰ ਲੁਟਾਉਣੇ ਬੰਦ ਕਰਨ ਅਤੇ ਲੋਕ ਵਿਰੋਧੀ ਆਰਥਿਕ ਮਾਡਲ ਰੱਦ ਕਰਨ ਦੀ ਮੰਗ ਕੀਤੀ ਗਈ। ਮੰਚ ਸੰਚਾਲਨ ਜਗਤਾਰ ਕਾਲਾਝਾੜ ਨੇ ਕੀਤਾ। ਆਗੂਆਂ ਨੇ ਕਿਹਾ ਕਿ ਕਬਾਇਲੀ ਖੇਤਰਾਂ ਵਿੱਚ ਨੀਮ ਫ਼ੌਜੀ ਬਲ ਤਾਇਨਾਤ ਕਰਕੇ ਖੂਨੀ ਅਪਰੇਸ਼ਨਾਂ ਦਾ ਮਨੋਰਥ ਦੇਸ਼ ਦੇ ਜਲ-ਜੰਗਲ-ਜ਼ਮੀਨਾਂ ਤੇ ਖਣਿਜ ਭੰਡਾਰ ਵਿਦੇਸ਼ੀ ਤੇ ਦੇਸੀ ਸਰਮਾਏਦਾਰਾਂ ਨੂੰ ਲੁਟਾਉਣਾ ਹੈ। ਉਨ੍ਹਾਂ ਕਿਹਾ ਕਿ ਡਰੋਨਾਂ, ਹੈਲੀਕਾਪਟਰਾਂ ਰਾਹੀਂ ਬੰਬਾਰੀ ਤੋਂ ਸਪੱਸ਼ਟ ਹੈ ਕਿ ਕਬਾਇਲੀਆਂ ਤੇ ਉਨ੍ਹਾਂ ਦੇ ਹਿੱਤਾਂ ਲਈ ਲੜ ਰਹੀਆਂ ਤਾਕਤਾਂ ਦਾ ਕਤਲੇਆਮ ਕਰ ਕੇ ਮੋਦੀ ਸਰਕਾਰ ਇਹ ਜੰਗਲ ਖਾਲੀ ਕਰਵਾ ਕੇ ਸਰਮਾਏਦਾਰਾਂ ਦੇ ਹਵਾਲੇ ਕਰਨ ’ਤੇ ਤੁਲੀ ਹੋਈ ਹੈ। ਕਬਾਇਲੀ ਖੇਤਰਾਂ ਵਿੱਚ ਕਹਿਰ ਢਾਹੁਣ ਦਾ ਇਹ ਸਿਲਸਿਲਾ ਪੰਜਾਬ ਵਿੱਚ ਇਸੇ ਕਾਰਪੋਰੇਟ ਜਗਤ ਦੀ ਸੇਵਾ ਲਈ ਸੰਘਰਸ਼ਸ਼ੀਲ ਤਾਕਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਵਿਦਵਾਨ ਲੇਖਕ, ਅਨੁਵਾਦਕ ਅਤੇ ਜਮਹੂਰੀ ਕਾਮੇ ਬੂਟਾ ਸਿੰਘ ਮਹਿਮੂਦਪੁਰ ਵੱਲੋਂ ਪੇਸ਼ ਕੀਤੇ ਗਏ ਮਤਿਆਂ ਨੂੰ ਹੱਥ ਖੜ੍ਹੇ ਕਰ ਕੇ ਪਾਸ ਕੀਤਾ ਗਿਆ। ਇਸ ਮੌਕੇ ਇਜ਼ਰਾਈਲ ਵੱਲੋਂ ਕਰੀਬ ਪੌਣੇ ਦੋ ਸਾਲਾਂ ਤੋਂ ਦਿਨ ਰਾਤ ਗਾਜ਼ਾ ’ਤੇ ਮਿਜ਼ਾਈਲਾਂ ਤੇ ਬੰਬ ਵਰ੍ਹਾਉਣ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਸੂਬਾ ਪ੍ਰਧਾਨ ਪ੍ਰਿਤਪਾਲ ਸਿੰਘ, ਬੀਕੇਯੂ (ਡਕੌਂਦਾ) ਆਗੂ ਹਰਨੇਕ ਸਿੰਘ ਮਹਿਮਾ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਪੇਂਡੂ ਮਜ਼ਦੂਰ ਯੂਨੀਅਨ ਸੂਬਾ ਪ੍ਰਧਾਨ ਤਰਸੇਮ ਪੀਟਰ, ਅਪਰੇਸ਼ਨ ਗ੍ਰੀਨ ਹੰਟ ਵਿਰੋਧੀ ਫਰੰਟ ਦੇ ਸੂਬਾ ਕਨਵੀਨਰ ਡਾ. ਪਰਮਿੰਦਰ, ਬੀਕੇਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂ ਅਵਤਾਰ ਸਿੰਘ ਮਹਿਮਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਪ੍ਰਧਾਨ ਰਾਜਿੰਦਰ ਭਦੌੜ, ਬੀਕੇਯੂ ਏਕਤਾ ਉਗਰਾਹਾਂ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਹਾਜ਼ਰ ਸਨ।