ਟਰੇਡ ਯੂਨੀਅਨਜ਼ ਦਾ ਸੂਬਾ ਪੱਧਰੀ ਇਜਲਾਸ ਸ਼ੁਰੂ
ਗੁਰਦੀਪ ਸਿੰਘ ਲਾਲੀ
ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ਪੰਜਾਬ ਦਾ 17ਵਾਂ ਸੂਬਾ ਪੱਧਰੀ ਡੈਲੀਗੇਟ ਇਜਲਾਸ ਸਥਾਨਕ ਪੈਲੇਸ ਕਾਮਰੇਡ ਰਘੂਨਾਥ ਸਿੰਘ ਨਗਰ ਵਿੱਚ ਇਨਕਲਾਬੀ ਨਾਅਰਿਆਂ ਨਾਲ ਸ਼ੁਰੂ ਹੋ ਗਿਆ ਹੈ, ਜਿਸ ਵਿਚ ਵੱਡੀ ਤਾਦਾਦ ਵਿਚ ਸੀਟੂ ਦੇ ਕੌਮੀ ਪੱਧਰ ਦੇ ਆਗੂ ਪੁੱਜ ਰਹੇ ਹਨ।
ਇਜਲਾਸ ਦੀ ਸ਼ੁਰੂਆਤ ਮੌਕੇ ਸ਼ਹੀਦਾਂ ਦੀ ਮੀਨਾਰ ਉਪਰ ਸ਼ਰਧਾਂਜਲੀ ਭੇਟ ਕਰਨ ਉਪਰੰਤ ਸੀਟੂ ਦੇ ਕੌਮੀ ਪੱਧਰ ਦੇ ਆਗੂ ਕਾਮਰੇਡ ਤਪਨ ਸੇਨ ਨੇ ਕਿਹਾ ਕਿ ਦੇਸ਼ ਦੀ ਕਿਰਤੀ ਜਮਾਤ ਨੂੰ ਗੰਭੀਰ ਮੁਸ਼ਕਲਾਂ ਵਿੱਚੋਂ ਲੰਘਣਾ ਪੈ ਰਿਹਾ ਹੈ। ਕਾਰਪੋਰੇਟ ਘਰਾਣਿਆਂ ਦੀ ਪੁਸ਼ਤਪਨਾਹੀ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਨੂੰ ਤਬਾਹੀ ਦੇ ਕੰਢੇ ਉਪਰ ਲਿਆ ਖੜ੍ਹਾ ਕੀਤਾ ਹੈ। ਭਾਜਪਾ ਦੀਆਂ ਫ਼ਿਰਕੂ ਅਤੇ ਕਾਰਪੋਰੇਟ ਪੱਖੀ ਨੀਤੀਆਂ ਨਾਲ ਨਾ ਦੇਸ਼ ਦਾ ਸੰਵਿਧਾਨ ਬਚੇਗਾ ਅਤੇ ਨਾ ਹੀ ਦੇਸ਼ ਦਾ ਮਜ਼ਦੂਰ ਅਤੇ ਕਿਸਾਨ ਬਚੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਨੂੰ ਬਦਲੇ ਬਿਨਾ ਦੇਸ਼ ਦਾ ਭਲਾ ਨਹੀਂ ਹੋ ਸਕਦਾ। ਇਸ ਮੌਕੇ ਸੀਟੂ ਦੀ ਕੁਲ ਹਿੰਦ ਪ੍ਰਧਾਨ ਡਾਕਟਰ ਹੇਮ ਲਤਾ ਨੇ ਕਿਹਾ ਕਿ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਏਕਤਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ 10 ਵੱਡੀਆਂ ਕੇਂਦਰੀ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦਾ ਦੇਸ਼ ਪੱਧਰੀ ਸਾਂਝਾ ਮੰਚ ਇਸ ਲੋੜ ਦੀ ਪੂਰਤੀ ਲਈ ਅੱਗੇ ਵਧ ਰਿਹਾ ਹੈ। ਸੀਟੂ ਦੀ ਕੌਮੀ ਸਕੱਤਰ ਊਸ਼ਾ ਰਾਣੀ ਨੇ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਉੱਪਰ ਕਾਬਜ਼ ਹੋਈ ਆਮ ਆਦਮੀ ਪਾਰਟੀ ਨੇ ਲੋਕਾਂ ਦੀਆਂ ਦੀਆਂ ਆਸਾਂ ਉਪਰ ਪਾਣੀ ਫੇਰ ਦਿੱਤਾ ਹੈ। ਇਨਕਲਾਬ ਦੇ ਨਾਅਰੇ ਮਾਰਨ ਵਾਲੀ ਸਰਕਾਰ ਆਪਣੇ ਖ਼ਿਲਾਫ਼ ਹਰ ਜਨਤਕ ਅੰਦੋਲਨ ਨੂੰ ਡੰਡੇ ਨਾਲ ਦਬਾਉਣ ਦੇ ਰਾਹ ਪੈ ਗਈ ਹੈ। ਇਸ ਮੌਕੇ ਪੰਜਾਬ ਸੀਟੂ ਦੇ ਪ੍ਰਧਾਨ ਮਹਾਂ ਸਿੰਘ ਰੋੜੀ, ਜਨਰਲ ਸਕੱਤਰ ਚੰਦਰ ਸ਼ੇਖਰ, ਸਵਾਗਤੀ ਕਮੇਟੀ ਦੇ ਚੇਅਰਮੈਨ ਅਤੇ ਕਿਸਾਨ ਆਗੂ ਮੇਜਰ ਸਿੰਘ ਪੁੰਨਾਂਵਾਲ ਵੀ ਮੌਜੂਦ ਸਨ।
