ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹਾਂ ਲਈ ਸੂਬਾ ਤੇ ਕੇਂਦਰ ਸਰਕਾਰ ਕਸੂਰਵਾਰ: ਬਘੇਲ

ਕਾਂਗਰਸੀ ਆਗੂ ਦਾ ਦੋ ਰੋਜ਼ਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ; ਪੰਜਾਬ ਸਰਕਾਰ ’ਤੇ ਸਮੇਂ ਸਿਰ ਕਾਰਵਾਈ ਨਾ ਕਰਨ ਦਾ ਦੋਸ਼
ਜ਼ੀਰਾ ਵਿੱਚ ਹੜ੍ਹ ਪੀੜਤ ਔਰਤ ਨੂੰ ਵਿੱਤੀ ਸਹਾਇਤਾ ਦਿੰਦੇ ਹੋਏ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਨਾਲ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ।
Advertisement
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਆਏ ਹੜ੍ਹ ਸੂਬਾ ਅਤੇ ਕੇਂਦਰ ਸਰਕਾਰ ਦੋਵਾਂ ਦੀਆਂ ਨਾਕਾਮੀਆਂ ਦਾ ਸਿੱਟਾ ਹਨ। ਇਸ ਦਾ ਖਮਿਆਜ਼ਾ ਪੰਜਾਬ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਹ ਦੋ ਰੋਜ਼ਾ ਪੰਜਾਬ ਦੇ ਦੌਰੇ ’ਤੇ ਆਏ ਹੋਏ ਹਨ। ਉਹ ਇਸ ਸਬੰਧੀ ਰਿਪੋਰਟ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਸੌਂਪਣਗੇ। ਅੱਜ ਇੱਥੇ ਹੜ੍ਹ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਦੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਬਘੇਲ ਨੇ ਕਿਹਾ ਕਿ ਸਰਕਾਰ ਨੇ ਹੜ੍ਹਾਂ ਵਿੱਚ ਮਾਰੇ ਗਏ, ਪ੍ਰਭਾਵਿਤ ਹੋਏ ਲੋਕਾਂ, ਮਾਰੇ ਗਏ ਪਸ਼ੂਆਂ, ਫਸਲਾਂ ਦੇ ਹੋਏ ਨੁਕਸਾਨ ਅਤੇ ਹੋਰ ਨੁਕਸਾਨ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ਸੂਬੇ ਦੀ ਸਰਕਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪੀੜਤਾਂ ਦੀ ਮਦਦ ਕਰਨ ਲਈ ਗੰਭੀਰ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੜ੍ਹ ਪ੍ਰਭਾਵਿਤ ਸਥਿਤੀ ਦੀ ਸਮੀਖਿਆ ਕਰਨ ਲਈ ਰੱਖੀ ਗਈ ਕੈਬਨਿਟ ਮੀਟਿੰਗ ਮੁੱਖ ਮੰਤਰੀ ਦੀ ਖਰਾਬ ਸਿਹਤ ਕਾਰਨ ਰੱਦ ਨਹੀਂ ਹੋਈ ਸਗੋਂ ‘ਆਪ’ ਦੀ ਅੰਦਰੂਨੀ ਫੁੱਟ ਕਾਰਨ ਰੱਦ ਕੀਤੀ ਗਈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਸਮਾਂ ਹੁਣ ਦੋਸ਼ ਲਾਉਣ ਦਾ ਨਹੀਂ, ਸਗੋਂ ਰਾਹਤ ਕਾਰਜ ਵਿੱਚ ਤੇਜ਼ੀ ਲਿਆਉਣਾ ਅਤੇ ਮਨੁੱਖਤਾ ਨੂੰ ਰਾਹਤ ਦੇਣਾ ਜ਼ਰੂਰੀ ਹੈ। ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਹਾਜ਼ਰ ਸਨ।

Advertisement

ਜ਼ੀਰਾ (ਹਰਮੇਸ਼ਪਾਲ ਨੀਲੇਵਾਲ): ਜ਼ੀਰਾ ਨਾਲ ਲਗਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਪਿੰਡ ਗੱਟਾ ਬਾਦਸ਼ਾਹ, ਨਿਹਾਲ ਲਵੇਰਾ, ਨੌਬਰਾਮ ਸ਼ੇਰ ਸਿੰਘ ਜੱਬਾ ਅਤੇ ਹੋਰਨਾਂ ਦਾ ਦੌਰਾ ਕਰਨ ਮੌਕੇ ਭੂਪੇਸ਼ ਬਘੇਲ ਨੇ ਕਿਹਾ ਕਿ ਸਮੇਂ ਸਿਰ ਕਾਰਵਾਈ ਕਰਨ ਨਾਲ ਵੱਡੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਪੰਜਾਬ ਨੂੰ ਵਿਸ਼ੇਸ਼ ਪੈਕੇਜ ਮਿਲਣ ਵਾਲੀ ਆਪਣੀ ਪਾਰਟੀ ਦੀ ਮੰਗ ਨੂੰ ਦੁਹਰਾਇਆ। ਸ੍ਰੀ ਬਘੇਲ ਨੇ ਪ੍ਰਭਾਵਿਤ ਲੋਕਾਂ ਲਈ ਅੰਤਰਿਮ ਰਾਹਤ ਪ੍ਰਦਾਨ ਕਰਨ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਰੀ ’ਤੇ ਅਫ਼ਸੋਸ ਪ੍ਰਗਟ ਕੀਤਾ।

ਤਰਨ ਤਾਰਨ (ਗੁਰਖਸ਼ਪੁਰੀ): ਕਾਂਗਰਸੀ ਆਗੂ ਭੂਪੇਸ਼ ਬਘੇਲ ਸਥਾਨਕ ਕਸਬੇ ਦੇ ਪਿੰਡ ਧੁੰਦਾ ਤੋਂ ਇਲਾਵਾ ਹਰੀਕੇ ਵਰਕਸ ਤੱਕ ਗਏ। ਇਸ ਦੌਰਾਨ ਉਨ੍ਹਾਂ ਧੁੰਦਾ ਦੇ ਹੜ੍ਹ ਪੀੜਤਾਂ ਦੇ ਦੁਖੜੇ ਸੁਣੇ ਅਤੇ ਨੁਕਸਾਨ ਲਈ ਸੂਬਾ ਸਰਕਾਰ ਅਤੇ ਸਰਕਾਰੀ ਪ੍ਰਸ਼ਾਸਨ ਨੂੰ ਕਸੂਰਵਾਰ ਕਿਹਾ| ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਕਾਂਗਰਸ ਪਾਰਟੀ ਹੜ੍ਹ ਪੀੜਤਾਂ ਨਾਲ ਖੜ੍ਹੀ ਹੈ।

 

Advertisement
Show comments