ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਗਦੜ ਮਾਮਲਾ: ਆਰਸੀਬੀ ਤੇ ਈਵੈਂਟ ਮੈਨੇਜਮੈਂਟ ਕੰਪਨੀ ਖ਼ਿਲਾਫ਼ ਐੱਫਆਈਆਰ

ਪੁਲੀਸ ਇੰਸਪੈਕਟਰ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ; ਕੇਸ ਦੀ ਜਾਂਚ ਸੀਆਈਡੀ ਹਵਾਲੇ
ਚਿੰਨਾਸਵਾਮੀ ਸਟੇਡੀਅਮ ਦੇ ਗੇਟ ਨੰਬਰ 7 ਨੇੜੇ ਭਗਦੜ ਵਾਲੀ ਥਾਂ ਤੋਂ ਲੋਕਾਂ ਦੀਆਂ ਜੁੱਤੀਆਂ ਇਕੱਠੀਆਂ ਕਰਦੇ ਹੋਏ ਵਰਕਰ। -ਫੋਟੋ: ਪੀਟੀਆਈ
Advertisement

ਬੰਗਲੁਰੂ, 5 ਜੂਨ

ਸ਼ਹਿਰ ਦੇ ਚਿੰਨਾਸਵਾਮੀ ਸਟੇਡੀਅਮ ਨੇੜੇ ਬੀਤੇ ਦਿਨੀਂ ਮਚੀ ਭਗਦੜ ਦੇ ਸਬੰਧ ਵਿੱਚ ਰੌਇਲ ਚੈਲੇਂਜਰਜ਼ ਬੰਗਲੂਰੂ (ਆਰਸੀਬੀ) ਈਵੈਂਟ ਮੈਨੇਜਮੈਂਟ ਕੰਪਨੀ ਡੀਐੱਨਏ ਐਂਟਰਟੇਨਮੈਂਟ ਨੈੱਟਵਰਕਸ ਅਤੇ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇਐੱਸਸੀਏ) ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ। ਚਿੰਨਾਸਵਾਮੀ ਸਟੇਡੀਅਮ ਨੇੜੇ ਭਗਦੜ ਵਿੱਚ ਬੁੱਧਵਾਰ ਨੂੰ 11 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 56 ਹੋਰ ਜ਼ਖ਼ਮੀ ਹੋ ਗਏ ਸਨ। ਪੁਲੀਸ ਮੁਤਾਬਕ ਇੰਸਪੈਕਟਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੱਬਨ ਪਾਰਕ ਪੁਲੀਸ ਸਟੇਸ਼ਨ ਵਿੱਚ ਭਾਰਤੀ ਨਿਆਏ ਸੰਹਿਤਾ (ਬੀਐੱਨਐੱਸ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਫਆਈਆਰ ’ਚ ਆਰਸੀਬੀ ਫਰੈਂਚਾਇਜ਼ੀ ਨੂੰ ਮੁਲਜ਼ਮ ਨੰਬਰ ਇਕ, ਡੀਐੱਨਏ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੂੰ ਮੁਲਜ਼ਮ ਨੰਬਰ ਦੋ ਅਤੇ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਪ੍ਰਬੰਧਕੀ ਕਮੇਟੀ ਨੂੰ ਮੁਲਜ਼ਮ ਨੰਬਰ ਤਿੰਨ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਮਾਮਲਾ ਜਾਂਚ ਲਈ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀਆਈਡੀ) ਹਵਾਲੇ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਪਹਿਲਾਂ ਹੀ ਭਗਦੜ ਮਾਮਲੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਹ ਜਾਂਚ ਬੰਗਲੂਰੂ (ਸ਼ਹਿਰੀ) ਦੇ ਡਿਪਟੀ ਕਮਿਸ਼ਨਰ ਜੀ. ਜਗਦੀਸ਼ ਕਰਨਗੇ। ਇਹ ਕੇਸ ਬੀਐੱਨਐੱਸ ਦੀਆਂ ਧਾਰਾਵਾਂ 105 (ਗੈਰ-ਇਰਾਦਾ ਕਤਲ), 115 (ਜਾਣ-ਬੁੱਝ ਕੇ ਸੱਟ ਪਹੁੰਚਾਉਣਾ), 118 (ਖ਼ਤਰਨਾਕ ਹਥਿਆਰਾਂ ਜਾਂ ਸਾਧਨਾਂ ਦੀ ਵਰਤੋਂ ਕਰਕੇ ਜਾਣ-ਬੁੱਝ ਕੇ ਸੱਟ ਪਹੁੰਚਾਉਣਾ ਜਾਂ ਗੰਭੀਰ ਸੱਟ ਪਹੁੰਚਾਉਣਾ), 190 (ਕਿਸੇ ਆਮ ਵਸਤੂ ਦਾ ਪਿੱਛਾ ਕਰਨ ਵਿੱਚ ਕੀਤੇ ਗਏ ਅਪਰਾਧਾਂ ਲਈ ਗੈਰ-ਕਾਨੂੰਨੀ ਇਕੱਠ ਦੇ ਮੈਂਬਰਾਂ ਦੀ ਜ਼ਿੰਮੇਵਾਰੀ), ​​132 (ਕਿਸੇ ਸਰਕਾਰੀ ਕਰਮਚਾਰੀ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣ ਲਈ ਹਮਲਾ ਜਾਂ ਅਪਰਾਧਿਕ ਤਾਕਤ), 125(12) (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਕੰਮ), 142 (ਗੈਰ-ਕਾਨੂੰਨੀ ਇਕੱਠ) ਅਤੇ 121 (ਅਪਰਾਧ ਲਈ ਉਕਸਾਉਣਾ) ਤਹਿਤ ਦਰਜ ਕੀਤਾ ਗਿਆ ਹੈ। ਇਸ ਦੌਰਾਨ ਕਰਨਾਟਕ ਸਰਕਾਰ ਨੇ ਵੱਡੇ ਪ੍ਰੋਗਰਾਮਾਂ, ਮੀਟਿੰਗਾਂ ਅਤੇ ਜਸ਼ਨਾਂ ਲਈ ਨਵੇਂ ਦਿਸ਼ਾ-ਨਿਰਦੇਸ਼ (ਸਟੈਂਡਰਡ ਅਪਰੇਟਿੰਗ ਪ੍ਰੋਸੀਜਰ) ਤੈਅ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਭਵਿੱਖ ’ਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਕਿਹਾ ਕਿ ਸਰਕਾਰ ਸਟੇਡੀਅਮ ਨੇੜੇ ਭਗਦੜ ਮਾਮਲੇ ’ਚ ਵਰਤੀ ਗਈ ਕੋਤਾਹੀ ਦੀ ਜਾਂਚ ਕਰਕੇ ਸਖ਼ਤ ਕਦਮ ਚੁੱਕੇਗੀ। -ਪੀਟੀਆਈ

ਆਰਸੀਬੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ

ਬੰਗਲੂਰੂ: ਆਈਪੀਐੱਲ ਚੈਂਪੀਅਨ ਰੌਇਲ ਚੈਲੇੈਂਜਰਜ਼ ਬੰਗਲੂਰੂ (ਆਰਸੀਬੀ) ਨੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਮਚੀ ਭਗਦੜ ਦੌਰਾਨ ਮਾਰੇ ਗਏ 11 ਪ੍ਰਸ਼ੰਸਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਵਿਰਾਟ ਕੋਹਲੀ ਅਤੇ ਹੋਰ ਖਿਡਾਰੀਆਂ ਦੀ ਇਕ ਝਲਕ ਦੇਖਣ ਲਈ ਸਟੇਡੀਅਮ ਦੇ ਬਾਹਰ ਲੱਖਾਂ ਲੋਕ ਇਕੱਤਰ ਹੋ ਗਏ ਸਨ। ਆਰਸੀਬੀ ਨੇ ਵੀਰਵਾਰ ਨੂੰ ਇਕ ਬਿਆਨ ’ਚ ਕਿਹਾ, ‘‘ਬੰਗਲੂਰੂ ’ਚ ਬੁੱਧਵਾਰ ਨੂੰ ਵਾਪਰੀ ਮੰਦਭਾਗੀ ਘਟਨਾ ਕਾਰਨ ਆਰਸੀਬੀ ਪਰਿਵਾਰ ਨੂੰ ਬਹੁਤ ਦੁੱਖ ਅਤੇ ਅਫ਼ਸੋਸ ਹੋਇਆ ਹੈ।’’ ਫਰੈਂਚਾਇਜ਼ੀ ਨੇ ਕਿਹਾ ਕਿ ਘਟਨਾ ’ਚ ਜ਼ਖ਼ਮੀ ਹੋਏ 50 ਤੋ ਵੱਧ ਵਿਅਕਤੀਆਂ ਦੀ ਸਹਾਇਤਾ ਲਈ ਆਰਸੀਬੀ ਕੇਅਰਜ਼ ਫੰਡ ਕਾਇਮ ਕੀਤਾ ਜਾ ਰਿਹਾ ਹੈ। -ਪੀਟੀਆਈ

Advertisement

Advertisement