ਚੋਣ ਕਮਿਸ਼ਨ ਕੋਲ ਐੱਸ ਐੱਸ ਪੀ ਦੀ ਸਿ਼ਕਾਇਤ
ਸ਼੍ੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਨੂੰ ਮੰਗ ਪੱਤਰ ਦੇ ਕੇ ਪੰਜਾਬ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਦੋਸ਼ ਲਾਉਂਦਿਆਂ ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਨੂੰ ਮੁਅੱਤਲ ਕਰਨ ਅਤੇ ਹੋਰ ਪੁਲੀਸ ਅਫਸਰਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਵਿਚ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿਚ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਤੇ ਨਾਮਜ਼ਦਗੀਆਂ ਵਿਚ ਗ਼ੈਰ-ਕਾਨੂੰਨੀ ਰੁਕਾਵਟਾਂ ਪਾਉਣ ਦਾ ਦੋਸ਼ ਵੀ ਲਾਇਆ। ਅਕਾਲੀ ਆਗੂ ਨੇ ਅਪੀਲ ਕੀਤੀ ਕਿ ਪੰਜਾਬ ਵਿੱਚ ਮੌਜੂਦਾ ਚੋਣਾਂ ਦੌਰਾਨ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਣ ਅਤੇ ਨਿਸ਼ਚਿਤ ਸਮੇਂ ਅੰਦਰ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ। ਉਨ੍ਹਾਂ ‘ਆਪ’ ਦੀ ਸਿਆਸੀ ਪਾਰਟੀ ਵਜੋਂ ਰਜਿਸਟ੍ਰੇਸ਼ਨ ਰੱਦ ਕਰਨ ਦੀ ਵੀ ਮੰਗ ਕੀਤੀ।
ਵਾਇਰਲ ਕਾਨਫਰੰਸ ਦੀ ਕਥਿਤ ਆਡੀਓ ਰਿਕਾਰਡਿੰਗ ਦੇ ਵੇਰਵੇ ਸਾਂਝੇ ਕਰਦਿਆਂ ਹਰਸਿਮਰਤ ਬਾਦਲ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਕਿਵੇਂ ਪਟਿਆਲਾ ਦੇ ਐੱਸ ਐੱਸ ਪੀ ਨੂੰ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਲਈ ਸਰਕਾਰੀ ਦਫ਼ਤਰਾਂ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਗ੍ਰਿਫ਼ਤਾਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਕਾਨਫਰੰਸ ਕਾਲ ਦੀ ਫੋਰੈਂਸਿੰਗ ਜਾਂਚ ਹੋਣੀ ਚਾਹੀਦੀ ਹੈ।
ਲੋਕਤੰਤਰ ਦਾ ਘਾਣ ਕਰ ਰਹੀ ਹੈ ‘ਆਪ’: ਸੁਖਬੀਰ
ਮੋਗਾ/ਲੁੁਧਿਆਣਾ (ਮਹਿੰਦਰ ਸਿੰਘ ਰੱਤੀਆਂ/ਗੁਰਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਦੇ ਐੱਸ ਐੱਸ ਪੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ‘ਆਪ’ ਸਰਕਾਰੀ ਤੰਤਰ ਰਾਹੀਂ ਲੋਕਤੰਤਰ ਦਾ ਘਾਣ ਕਰਨ ’ਤੇ ਉਤਾਰੂ ਹੈ ਪਰ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੋਗਾ ਵਿੱਚ ਸਮਾਗਮ ਵਿਚ ਸ਼ਿਰਕਤ ਕਰਨ ਆਏ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਪੰਚਾਇਤੀ ਸੰਸਥਾਵਾਂ ਵਿੱਚ ‘ਆਪ’ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਪੁਲੀਸ ਰਾਹੀਂ ਹਰ ਹੱਥਕੰਡਾ ਅਪਣਾ ਕੇ ਵਿਰੋਧੀਆਂ ਨੂੰ ਪੇਪਰ ਭਰਨ ਤੋਂ ਰੋਕਿਆ ਗਿਆ। ਲੁਧਿਆਣਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਪ੍ਰਕਿਰਿਆ ਦੌਰਾਨ ਲੋਕਤੰਤਰ ਦਾ ਕਤਲ ਕੀਤਾ ਹੈ। ਉਨ੍ਹਾਂ ਪੰਜਾਬ ਪੁਲੀਸ ਮੁਖੀ ਗੌਰਵ ਯਾਦਵ ਨੂੰ ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਵੱਲੋਂ ਜ਼ਿਲ੍ਹੇ ਦੇ ਪੁਲੀਸ ਅਫ਼ਸਰਾਂ ਨੂੰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਗ਼ੈਰ-ਕਾਨੂੰਨੀ ਤੌਰ ’ਤੇ ਹਿਰਾਸਤ ਵਿੱਚ ਲੈਣ ਅਤੇ ਲੋਕਤੰਤਰੀ ਪ੍ਰਕਿਰਿਆ ਨੂੰ ਢਹਿ-ਢੇਰੀ ਕਰਨ ਵਾਸਤੇ ਦਿੱਤੀਆਂ ਕਥਿਤ ਹਦਾਇਤਾਂ ਸਬੰਧੀ ਉਨ੍ਹਾਂ ਖ਼ਿਲਾਫ਼ ਐੱਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ।
