ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਕਿ ਏਜੰਸੀਆਂ ਲਈ ਕੰਮ ਕਰਨ ਦੇ ਦੋਸ਼ ਹੇਠ ਜਾਸੂਸ ਕਾਬੂ

ਅਾਪਣੇ ਨਾਮ ’ਤੇ ਸਿੰਮ ਲੈ ਕੇ ਵਟਸਐਪ ਐਕਟੀਵੇਸ਼ਨ ਕੋਡ ਪਾਕਿਸਤਾਨ ਵਾਸੀ ਨੂੰ ਦਿੱਤਾ
ਪਟਿਆਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸਐੱਸਪੀ ਵਰੁਣ ਸ਼ਰਮਾ।
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ ਪੁਲੀਸ ਨੇ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਲਈ ਕੰਮ ਕਰਨ ਦੇ ਦੋਸ਼ ਹੇਠ ਜਾਸੂਸ ਨੂੰ ਕਾਬੂ ਕੀਤਾ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਫ਼ਰੀਦਕੋਟ ਜ਼ਿਲ੍ਹਾ ਪਟਿਆਲਾ ਨੂੰ ਕਾਬੂ ਕੀਤਾ, ਜੋ ਭਾਰਤੀ ਫ਼ੌਜ ਦੀਆਂ ਗਤੀਵਿਧੀਆਂ ਬਾਰੇ ਪਾਕਿਸਤਾਨ ਨੂੰ ਜਾਣਕਾਰੀ ਦਿੰਦਾ ਸੀ।

Advertisement

ਇਹ ਮੁਲਜ਼ਮ ‘ਪੰਜਾਬ ਕੁੜੀ’ ਨਾਂ ਦੀ ਫੇਸਬੁੱਕ ਆਈਡੀ ਰਾਹੀਂ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਨਾਲ ਗੱਲਬਾਤ ਕਰਦਾ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਕੋਲੋਂ ਚਾਰ ਮੋਬਾਈਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਆਪਣੇ ਨਾਮ ’ਤੇ ਬੀਐੱਸਐੱਨਐੱਲ ਕੰਪਨੀ ਦਾ ਸਿੰਮ ਦਸੰਬਰ 2024 ਵਿੱਚ (ਮੋਬਾਈਲ ਨੰਬਰ 76259-08993) ਜਾਰੀ ਕਰਵਾ ਕੇ ਆਪਣੇ ਸਬੰਧਤ ਨੰਬਰ ਦਾ ਵਟਸਐਪ ਐਕਟੀਵੇਸ਼ਨ ਕੋਡ ਪਾਕਿਸਤਾਨ ਵਿੱਚ ਰਹਿੰਦੀ ਲੜਕੀ ਨੂੰ ਦੇ ਦਿੱਤਾ। ਹੁਣ ਇਸ ਨੰਬਰ ’ਤੇ ਵਟਸਐਪ ਪਾਕਿਸਤਾਨ ਬੈਠੇ ਵਿਅਕਤੀ ਚਲਾ ਰਹੇ ਹਨ ਜੋ ਹੁਣ ਵੀ ਮੁਲਜ਼ਮ ਗੁਰਪ੍ਰੀਤ ਸਿੰਘ ਨਾਲ ਵੱਖ-ਵੱਖ ਐਪਾਂ ਰਾਹੀਂ ਗੱਲਬਾਤ ਕਰਦੇ ਸਨ।

ਗੁਰਪ੍ਰੀਤ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਕਿਸੇ ਨੂੰ ਦਿੱਤਾ ਸੀ ਓਟੀਪੀ

ਨਾਭਾ (ਮੋਹਿਤ ਸਿੰਗਲਾ): ਗੁਰਪ੍ਰੀਤ ਸਿੰਘ (40) ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਸ ਨੂੰ ਫਸਾਇਆ ਗਿਆ ਹੈ। ਮੁਲਜ਼ਮ ਦੀ ਪਤਨੀ ਰਾਜਪ੍ਰੀਤ ਕੌਰ ਦਾ ਕਹਿਣਾ ਹੈ ਕਿ ਮਜ਼ਦੂਰੀ ਕਰਨ ਵਾਲਾ ਗੁਰਪ੍ਰੀਤ ਐਨੇ ਜੋਗਾ ਨਹੀਂ ਹੈ, ਜਿੰਨਾ ਵੱਡਾ ਉਸ ’ਤੇ ਦੋਸ਼ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਜ਼ਿਆਦਾਤਰ ਘਰ ਹੀ ਰਹਿੰਦਾ ਸੀ ਤੇ ਜੇ ਕਿਸੇ ਨੂੰ ਟਰੈਕਟਰ ਡਰਾਈਵਰ ਦੀ ਲੋੜ ਹੁੰਦੀ ਸੀ ਤਾਂ ਉਹ ਘਰੋਂ ਜਾਂਦਾ ਸੀ। ਤਿੰਨ ਮਹੀਨੇ ਪਹਿਲਾਂ ਉਸ ਨੂੰ ਕਰਜ਼ਾ ਦੇਣ ਲਈ ਕਿਸੇ ਨੇ ਓਟੀਪੀ ਮੰਗਿਆ ਸੀ ਤੇ ਉਸ ਨੇ ਉਨ੍ਹਾਂ ਦੇ ਸਾਹਮਣੇ ਓਟੀਪੀ ਦਿੱਤਾ ਸੀ। ਹਾਲਾਂਕਿ, ਉਸ ਦੇ ਪੁੱਤਰ ਨੇ ਇਸ ਗੱਲ ਤੋਂ ਰੋਕਿਆ ਵੀ ਸੀ ਪਰ ਗੁਰਪ੍ਰੀਤ ਸਿੰਘ ਨੇ ਉਸ ਦੀ ਗੱਲ ਨਹੀਂ ਸੁਣੀ ਕਿਉਂਕਿ ਉਸ ਨੂੰ ਕਰਜ਼ਾ ਮਿਲਣ ਦੀ ਆਸ ਸੀ। ਇੱਕ ਵਾਰ ਫਿਰ ਓਟੀਪੀ ਮੰਗਿਆ ਗਿਆ ਤੇ ਦੋਵੇਂ ਵਾਰ ਓਟੀਪੀ ਦਿੰਦੇ ਸਮੇਂ ਉਹ ਪਰਿਵਾਰਕ ਮੈਂਬਰਾਂ ਵਿੱਚ ਹੀ ਬੈਠਾ ਸੀ। ਮੁਲਜ਼ਮ ਦੀ ਮਾਤਾ ਬਲਜੀਤ ਕੌਰ ਨੇ ਦੱਸਿਆ ਕਿ ਉਸ ਦੀ ਨੂੰਹ ਵੀ ਮਜ਼ਦੂਰੀ ਕਰਦੀ ਹੈ ਤੇ ਉਹ ਮਿਹਨਤ ਨਾਲ ਬੱਚੇ ਪਾਲ ਰਹੇ ਹਨ। ਪੁਲੀਸ ਨੂੰ ਜ਼ਰੂਰ ਕੋਈ ਭੁਲੇਖਾ ਲੱਗਾ ਹੈ।

Advertisement