ਵਿਸ਼ੇਸ਼ ਇਜਲਾਸ: ਪ੍ਰਧਾਨ ਮੰਤਰੀ ਖ਼ਿਲਾਫ਼ ਸਦਨ ’ਚ ਕੁੱਦੀ ਹਾਕਮ ਧਿਰ
ਚਰਨਜੀਤ ਭੁੱਲਰ
ਪੰਜਾਬ ਵਿਧਾਨ ਸਭਾ ’ਚ ਅੱਜ ਹੜ੍ਹਾਂ ’ਤੇ ਬਹਿਸ ਦੌਰਾਨ ਜ਼ੋਰਦਾਰ ਹੰਗਾਮਾ ਹੋਇਆ। ਸਦਨ ’ਚ ਬਹਿਸ ਦੀ ਸ਼ੁਰੂਆਤ ਮੌਕੇ ਜਿਉਂ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿਆਸੀ ਹੱਲਾ ਬੋਲਿਆ ਅਤੇ ਸਖ਼ਤ ਲਫ਼ਜ਼ਾਂ ਦੀ ਵਰਤੋਂ ਕੀਤੀ ਤਾਂ ਤਲਖ਼ ਮਾਹੌਲ ਦਾ ਮੁੱਢ ਬੱਝ ਗਿਆ। ਸਦਨ ਦੀ ਕਾਰਵਾਈ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਸਪੀਕਰ ਦੇ ਸਾਹਮਣੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕੀਤੀ। ਹਾਕਮ ਧਿਰ ਦੇ ਮੈਂਬਰ ਪਹਿਲਾਂ ਹੀ ਸੋਚੀ ਸਮਝੀ ਤਰਕੀਬ ਤਹਿਤ ‘ਮੋਦੀ ਜੀ ਦਾ 1600 ਕਰੋੜ ਦਾ ਜੁਮਲਾ’ ਲਿਖੀਆਂ ਤਖ਼ਤੀਆਂ ਲੈ ਕੇ ਆਏ ਹੋਏ ਸਨ। ਸੱਤਾਧਾਰੀ ਧਿਰ ਦੇ ਮੈਂਬਰ ਇੱਕੋ ਸਮੇਂ ਬੈਂਚਾਂ ਤੋਂ ਉੱਠੇ ਅਤੇ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਵੱਲ ਵਧਣੇ ਸ਼ੁਰੂ ਹੋ ਗਏ। ਕੇਂਦਰ ਸਰਕਾਰ ਖ਼ਿਲਾਫ਼ ਲਗਾਤਾਰ ਹਾਕਮ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਖੜ੍ਹੇ ਹੋ ਕੇ ਮੈਂਬਰਾਂ ਨੂੰ ਸ਼ਾਂਤ ਹੋਣ ਦੀ ਅਪੀਲ ਕਰਦੇ ਰਹੇ। ਅਖ਼ੀਰ ਸਪੀਕਰ ਸੰਧਵਾਂ ਨੇ ਸਦਨ ਦੀ ਕਾਰਵਾਈ 20 ਮਿੰਟ ਲਈ ਮੁਲਤਵੀ ਕਰ ਦਿੱਤੀ ਅਤੇ ਹਾਕਮ ਧਿਰ ਦੇ ਮੈਂਬਰ ਇਕੱਠੇ ਹੀ ਨਾਅਰੇ ਮਾਰਦੇ ਸਦਨ ਚੋਂ ਬਾਹਰ ਚਲੇ ਗਏ। ਉਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਵੀ ਸਦਨ ’ਚ ਮੌਜੂਦ ਸਨ। ਵਿਰੋਧੀ ਧਿਰ ਵੀ ਉਸ ਮੌਕੇ ਬੈਂਚਾਂ ’ਤੇ ਸ਼ਾਂਤ ਚਿੱਤ ਬੈਠੀ ਰਹੀ। ਇਸ ਤੋਂ ਪਹਿਲਾਂ ਸਦਨ ’ਚ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਪੇਸ਼ ਮਤੇ ’ਤੇ ਪ੍ਰਤਾਪ ਸਿੰਘ ਬਾਜਵਾ ਨੇ ਬੋਲਣਾ ਸ਼ੁਰੂ ਕੀਤਾ ਤਾਂ ਮਾਹੌਲ ’ਚ ਗਰਮੀ ਆ ਗਈ। ਸਪੀਕਰ ਸੰਧਵਾਂ ਨੇ ਬਾਜਵਾ ਨੂੰ ਟੋਕਿਆ ਕਿ ਸਦਨ ’ਚ ਸਿਆਸਤ ਕਰਨ ਦੀ ਥਾਂ ਉਸਾਰੂ ਬਹਿਸ ਕੀਤੀ ਜਾਵੇ। ਜਲ ਸਰੋਤ ਮੰਤਰੀ ਨੇ ਵੀ ਬਾਜਵਾ ਦੇ ਇਲਜ਼ਾਮਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਬਾਜਵਾ ਨੇ ਕੇਂਦਰ ਦਾ ਪੱਖ ਪੂਰਨ ਦੇ ਇਲਜ਼ਾਮ ਲਾਏ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਨੂੰ ਮੁਖ਼ਾਤਿਬ ਹੁੰਦੇ ਕਿਹਾ ਕਿ ‘ਲਾਸ਼ਾਂ ’ਤੇ ਸਿਆਸਤ ਨਾ ਕੀਤੀ ਜਾਵੇ।’ ਇਸ ਮੌਕੇ ਚੀਮਾ ਅਤੇ ਬਾਜਵਾ ਦਰਮਿਆਨ ਤਲਖ਼ੀ ਹੋਈ। ਉਸ ਮਗਰੋਂ ‘ਆਪ’ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਪ੍ਰਤਾਪ ਸਿੰਘ ਬਾਜਵਾ ਆਪਸ ’ਚ ਮਿਹਣੋ-ਮਿਹਣੀ ਹੋਏ। ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸਦਨ ’ਚ ਬੋਲ ਰਹੇ ਸਨ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਦੇ ਭਾਸ਼ਣ ਦੇ ਕਈ ਨੁਕਤਿਆਂ ’ਤੇ ਇਤਰਾਜ਼ ਕੀਤਾ।
ਸੰਕਟ ਦੀ ਘੜੀ ’ਚ ਇਕਜੁੱਟ ਹੋਣਾ ਚਾਹੀਦੈ: ਸਪੀਕਰ
ਸਦਨ ’ਚ ਅੱਜ ਬਹਿਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਤਿਹਾਸ ਤੋਂ ਸਬਕ ਲੈਂਦਿਆਂ ਹੁਣ ਵੀ ਇਸ ਸੰਕਟ ਦੀ ਘੜੀ ’ਚ ਇਕੱਠੇ ਹੋ ਕੇ ਖੜ੍ਹਨਾ ਚਾਹੀਦਾ ਹੈ ਅਤੇ ਪੰਜਾਬੀ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ। ਉਨ੍ਹਾਂ ਸਭ ਮੈਂਬਰਾਂ ਨੂੰ ਸਿਰ ਜੋੜ ਕੇ ਅਗਾਂਹ ਵਧਣ ਦੀ ਨਸੀਹਤ ਦਿੱਤੀ ਅਤੇ ਸਿਆਸਤ ਕਰਨ ਤੋਂ ਪਰਹੇਜ਼ ਕਰਨ ਲਈ ਕਿਹਾ।