ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ
ਗੁਰੂ ਤੇਗ਼ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 24 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਵੇਗਾ। ਕਰੀਬ 63 ਵਰ੍ਹਿਆਂ ਮਗਰੋਂ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਹੋ ਰਿਹਾ ਹੈ। ਆਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਯਾਦਗਾਰੀ ਪਾਰਕ ’ਚ ਵਾਟਰ ਪਰੂਫ ਟੈਂਟ ’ਚ ਭਲਕੇ ਦੁਪਹਿਰ 1 ਵਜੇ ਸੈਸ਼ਨ ਸ਼ੁਰੂ ਹੋਵੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਾਈ ਜੈਤਾ ਸਿੰਘ ਯਾਦਗਾਰੀ ਪਾਰਕ ਨੂੰ ਪੰਜਾਬ ਵਿਧਾਨ ਸਭਾ ਕੰਪਲੈਕਸ ਮਨੋਨੀਤ ਕੀਤਾ ਹੈ। ਇਸ ਆਰਜ਼ੀ ਵਿਧਾਨ ਸਭਾ ’ਚ ਕਰੀਬ 500 ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਆਨੰਦਪੁਰ ਸਾਹਿਬ ਦੇ ਟੈਂਟ ਸਿਟੀ ’ਚ ਅੱਜ ਬਹੁਤੇ ਵਿਧਾਇਕ ਪੁੱਜ ਗਏ। ਵਿਧਾਨ ਸਭਾ ਦੇ ਸਦਨ ’ਚ ਗੁਰੂ ਤੇਗ਼ ਬਹਾਦਰ ਪ੍ਰਤੀ ਸ਼ਰਧਾ ਭੇਟ ਕਰਨ ਲਈ ਕੈਬਨਿਟ ਮੰਤਰੀ ਵੱਲੋਂ ਸਰਕਾਰੀ ਮਤਾ ਪੇਸ਼ ਕੀਤਾ ਜਾਵੇਗਾ। ਇਸ ਮਗਰੋਂ ਸਦਨ ’ਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਸਿਧਾਤਾਂ ’ਤੇ ਚਰਚਾ ਹੋਵੇਗੀ। ਵਿਸ਼ੇਸ਼ ਇਜਲਾਸ ਕਰੀਬ ਤਿੰਨ ਘੰਟੇ ਚੱਲਣ ਦੀ ਸੰਭਾਵਨਾ ਹੈ। ਪਹਿਲੀ ਵਾਰ ਸਦਨ ’ਚ ਸ਼ਰਧਾ ਤੇ ਰੂਹਾਨੀਅਤ ਦਾ ਰੰਗ ਵੇਖਣ ਨੂੰ ਮਿਲੇਗਾ। ਵਿਧਾਨ ਸਭਾ ਦੇ ਮੈਂਬਰਾਂ ਦੀ ਹਾਜ਼ਰੀ ਵੀ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਸ੍ਰੀ ਆਨੰਦਪੁਰ ਸਾਹਿਬ ਨੂੰ ਸੂਬੇ ਦਾ 24ਵਾਂ ਜ਼ਿਲ੍ਹਾ ਐਲਾਨਣ ਦੀ ਚਰਚਾ ਵੀ ਸਿਖਰ ’ਤੇ ਹਨ; ਹਾਲਾਂਕਿ ਸਰਕਾਰੀ ਸੂਤਰ ਇਸ ਤਰ੍ਹਾਂ ਦਾ ਕੋਈ ਐਲਾਨ ਹੋਣ ਤੋਂ ਇਨਕਾਰ ਕਰ ਰਹੇ ਹਨ। ਕੋਈ ਰੂਪਨਗਰ ਜ਼ਿਲ੍ਹੇ ਦਾ ਨਾਮ ਬਦਲੇ ਜਾਣ ਦਾ ਤਰਕ ਦੇ ਰਿਹਾ ਹੈ ਤੇ ਕੋਈ ਰੋਪੜ ਦੀ ਬਜਾਏ ਆਨੰਦਪੁਰ ਸਾਹਿਬ ਨੂੰ ਡਿਵੀਜ਼ਨ ਬਣਾਏ ਜਾਣ ਦੀ ਗੱਲ ਕਰ ਰਿਹਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਖ ਚੁੱਕੇ ਹਨ ਕਿ ਇਸ ਤਰ੍ਹਾਂ ਕੋਈ ਤਜਵੀਜ਼ ਨਹੀਂ ਹੈ।
