ਵਿਸ਼ੇਸ਼ ਇਜਲਾਸ: ਪੰਜਾਬ ਵਿਧਾਨ ਸਭਾ ’ਚ ਬੇਅਦਬੀ ਖ਼ਿਲਾਫ਼ ਬਿੱਲ ਪੇਸ਼
ਚਰਨਜੀਤ ਭੁੱਲਰ
ਚੰਡੀਗੜ੍ਹ, 14 ਜੁਲਾਈ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਤੀਜੇ ਦਿਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ’ਚ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਿੱਲ-2025’ ਪੇਸ਼ ਕੀਤਾ ਜਿਸ ’ਤੇ ਭਲਕੇ 15 ਜੁਲਾਈ ਨੂੰ ਬਹਿਸ ਹੋਵੇਗੀ। ਬਿੱਲ ’ਤੇ ਭਲਕੇ ਬਹਿਸ ਕਰਾਏ ਜਾਣ ਦੀ ਸਹਿਮਤੀ ਬਣਨ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਲਕੇ ਸਵੇਰੇ 10 ਵਜੇ ਤੱਕ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਹੈ।
ਅੱਜ ਸੈਸ਼ਨ ਦੀ ਕਾਰਵਾਈ ਬਾਅਦ ਦੁਪਹਿਰ ਦੋ ਵਜੇ ਸ਼ੁਰੂ ਹੋਈ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਪੇਸ਼ ਧਿਆਨ ਦਿਵਾਊ ਮਤੇ ਮਗਰੋਂ ਬੇਅਦਬੀ ਖ਼ਿਲਾਫ਼ ਬਿੱਲ ’ਤੇ ਬਹਿਸ ਲਈ ਦੋ ਘੰਟੇ ਦਾ ਸਮਾਂ ਰੱਖਿਆ ਗਿਆ। ਸਦਨ ’ਚ ਅਹਿਮ ਬਿੱਲ ’ਤੇ ਅੱਜ ਬਹਿਸ ਕਰਾਏ ਜਾਣ ਨੂੰ ਲੈ ਕੇ ਕੁਝ ਸਮਾਂ ਜੱਕੋ-ਤੱਕੀ ਵੀ ਬਣੀ ਰਹੀ ਜਿਸ ਕਾਰਨ ਸਪੀਕਰ ਨੇ ਇੱਕ ਘੰਟੇ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਸਪੀਕਰ ਨੇ ਸਦਨ ’ਚ ਬਿੱਲ ਪੇਸ਼ ਹੋਣ ਤੋਂ ਪਹਿਲਾਂ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਆਪਣੇ ਦਫ਼ਤਰ ’ਚ ਮੀਟਿੰਗ ਕੀਤੀ ਤਾਂ ਜੋ ਸਾਰੀਆਂ ਧਿਰਾਂ ’ਚ ਸਹਿਮਤੀ ਬਣਾਈ ਜਾ ਸਕੇ। ਮੁੱਖ ਮੰਤਰੀ ਵੱਲੋਂ ਉਪਰੋਕਤ ਬਿੱਲ ਪੇਸ਼ ਕੀਤੇ ਜਾਣ ਮਗਰੋਂ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬਿੱਲ ਦਾ ਖਰੜਾ ਹੁਣੇ ਪ੍ਰਾਪਤ ਹੋਇਆ ਹੈ ਜਿਸ ਕਰਕੇ ਉਨ੍ਹਾਂ ਨੂੰ ਬਹਿਸ ਦੀ ਤਿਆਰੀ ਦਾ ਸਮਾਂ ਦਿੱਤਾ ਜਾਵੇ ਅਤੇ ਬਿੱਲ ’ਤੇ ਚਰਚਾ ਭਲਕ ’ਤੇ ਰੱਖ ਲਈ ਜਾਵੇ। ਉਨ੍ਹਾਂ ਕਿਹਾ ਕਿ ਜਾਂ ਫਿਰ ਬਿੱਲ ਸਿਲੈਕਟ ਕਮੇਟੀ ਕੋਲ ਪਹਿਲਾਂ ਭੇਜ ਦਿਓ ਤੇ ਬਾਅਦ ’ਚ ਚਰਚਾ ਕਰਵਾ ਲਈ ਜਾਵੇ।
ਸਪੀਕਰ ਨੇ ਇੱਛਾ ਜ਼ਾਹਿਰ ਕੀਤੀ ਕਿ ਅੱਜ ਬਹਿਸ ਸ਼ੁਰੂ ਕਰਾਈ ਜਾ ਸਕਦੀ ਹੈ ਜੋ ਭਲਕ ਤੱਕ ਜਾਰੀ ਰਹਿ ਸਕਦੀ ਹੈ। ਸਪੀਕਰ ਨੇ ਸਦਨ ਮੁੜ 15 ਮਿੰਟ ਲਈ ਮੁਲਤਵੀ ਕਰ ਦਿੱਤਾ। ਸਦਨ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਮੰਗ ਦੇ ਮੱਦੇਨਜ਼ਰ ਸਹਿਮਤੀ ਜ਼ਾਹਿਰ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਵਨਾਤਮਕ ਮੁੱਦਾ ਹੈ ਜੋ ਲੋਕ ਮਨਾਂ ਨਾਲ ਜੁੜਿਆ ਹੋਇਆ ਹੈ ਅਤੇ ਸਾਡੇ ਧਾਰਮਿਕ ਗ੍ਰੰਥਾਂ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਜੇ ਵਿਰੋਧੀ ਧਿਰ ਦੇ ਨੇਤਾ ਭਲਕੇ ਇਸ ਬਿੱਲ ’ਤੇ ਚਰਚਾ ਚਾਹੁੰਦੇ ਹਨ ਤਾਂ ਉਹ ਤਿਆਰ ਹਨ। ਵੇਰਵਿਆਂ ਅਨੁਸਾਰ ਭਲਕੇ ਬਹਿਸ ਮਗਰੋਂ ਬਿੱਲ ਨੂੰ ਸਭਨਾਂ ਲੋਕਾਂ ਨਾਲ ਵਿਚਾਰ ਵਟਾਂਦਰੇ ਲਈ ਸਿਲੈਕਟ ਕਮੇਟੀ ਕੋਲ ਭੇਜਿਆ ਜਾ ਸਕਦਾ ਹੈ।
‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਿੱਲ-2025’ ਬਿੱਲ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ, ਪਵਿੱਤਰ ਬਾਈਬਲ, ਕੁਰਾਨ ਸ਼ਰੀਫ਼ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਖ਼ਿਲਾਫ਼ ਸਖ਼ਤ ਸਜ਼ਾਵਾਂ ਦੀ ਵਿਵਸਥਾ ਹੈ। ਅਪਰਾਧ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਤਿੰਨ ਤੋਂ ਪੰਜ ਸਾਲ ਦੀ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਹੈ। ਬੇਅਦਬੀ ’ਚ ਦੋਸ਼ੀ ਪਾਏ ਜਾਣ ’ਤੇ ਸਜ਼ਾ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਤਜਵੀਜ਼ ਹੈ। ਪ੍ਰਸਤਾਵਿਤ ਕਾਨੂੰਨ ਅਧੀਨ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਨੂੰ 5 ਲੱਖ ਰੁਪਏ ਦਾ ਜੁਰਮਾਨਾ ਵੀ ਦੇਣਾ ਪਵੇਗਾ, ਜਿਸ ਨੂੰ 10 ਲੱਖ ਰੁਪਏ ਤੱਕ ਵਧਾਇਆ ਜਾ ਸਕਦਾ ਹੈ। ਡਿਪਟੀ ਸੁਪਰਡੈਂਟ ਆਫ਼ ਪੁਲੀਸ (ਡੀਐੱਸਪੀ) ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਪੁਲੀਸ ਅਧਿਕਾਰੀ ਹੀ ਅਜਿਹੇ ਮਾਮਲਿਆਂ ਦੀ ਜਾਂਚ ਕਰਨ ਲਈ ਅਧਿਕਾਰਤ ਹੋਣਗੇ। ਸਰਕਾਰ ਦਾ ਮੰਨਣਾ ਹੈ ਕਿ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਸੂਬੇ ਵਿੱਚ ਫ਼ਿਰਕੂ ਸਦਭਾਵਨਾ, ਅਮਨ ਸ਼ਾਂਤੀ, ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਹੋਣਗੀਆਂ।
ਵਿਕਾਸ ਟੈਕਸ: ਸਾਲਾਨਾ ਯਕਮੁਸ਼ਤ ਟੈਕਸ ਭਰਨ ’ਤੇ ਮਿਲੇਗੀ ਛੋਟ
ਚੰਡੀਗੜ੍ਹ (ਚਰਨਜੀਤ ਭੁੱਲਰ): ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਤੀਜੇ ਦਿਨ ਅੱਜ ਸਦਨ ਨੇ ਸਰਬਸੰਮਤੀ ਨਾਲ ‘ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਸੋਧਨਾ) ਬਿੱਲ-2025’ ਪਾਸ ਕਰ ਦਿੱਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਵਿੱਚ ਬਿੱਲ ਪੇਸ਼ ਕੀਤਾ ਅਤੇ ਸਰਬਸੰਮਤੀ ਨਾਲ ਇਹ ਬਿੱਲ ਪਾਸ ਹੋ ਗਿਆ। ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਰਕਾਰ ਨੇ ਸਾਲ 2018 ਵਿੱਚ ਆਮਦਨ ਕਰ ਦੇਣ ਵਾਲਿਆਂ ’ਤੇ 200 ਰੁਪਏ ਪ੍ਰਤੀ ਮਹੀਨਾ ‘ਵਿਕਾਸ ਟੈਕਸ’ ਲਾਇਆ ਸੀ, ਜਿਸ ਤਹਿਤ ਹਰੇਕ ਮਹੀਨੇ ਆਮਦਨ ਕਰ ਦੇਣ ਵਾਲੇ ਇਹ ਵਿਕਾਸ ਟੈਕਸ ਤਾਰਦੇ ਸਨ।
ਪੰਜਾਬ ਵਿਧਾਨ ਸਭਾ ਵਿੱਚ ਅੱਜ ‘ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਸੋਧਨਾ) ਬਿੱਲ-2025’ ਦੇ ਪਾਸ ਹੋਣ ਨਾਲ ਆਮਦਨ ਕਰ ਦੇਣ ਵਾਲਾ ਹਰੇਕ ਵਿਅਕਤੀ ਹਰੇਕ ਮਹੀਨੇ 200 ਰੁਪਏ ਵਿਕਾਸ ਟੈਕਸ ਤਾਰਨ ਦੀ ਥਾਂ ਪੂਰੇ ਸਾਲ ਦਾ ਇਕੱਠਾ ‘ਵਿਕਾਸ ਟੈਕਸ’ ਤਾਰ ਸਕੇਗਾ। ਇਕੱਠਾ ਟੈਕਸ ਦੇਣ ਵਾਲੇ ਵਿਅਕਤੀਆਂ ਨੂੰ 200 ਰੁਪਏ ਦੀ ਸਾਲਾਨਾ ਛੋਟ ਮਿਲੇਗੀ। ਮਤਲਬ ਕਿ ਸਾਲਾਨਾ ਵਿਕਾਸ ਟੈਕਸ ਤਾਰਨ ਦੀ ਸੂਰਤ ਵਿੱਚ 2400 ਰੁਪਏ ਦੀ ਥਾਂ 2200 ਰੁਪਏ ਟੈਕਸ ਭਰਿਆ ਜਾ ਸਕੇਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੀਆਂ ਸੰਸਥਾਵਾਂ ਅਤੇ ਲੋਕਾਂ ਵੱਲੋਂ ਇਹ ਮੰਗ ਉਠਾਈ ਜਾ ਰਹੀ ਸੀ। ‘ਵਿਕਾਸ ਟੈਕਸ’ ਵਿੱਚ ਸੋਧ ਦਾ ਬਿੱਲ ਬਿਨਾ ਬਹਿਸ ਤੋਂ ਪਾਸ ਹੋ ਗਿਆ ਹੈ। ਲੰਘੇ ਵਿੱਤੀ ਵਰ੍ਹੇ 2024-25 ਵਿੱਚ ਪੰਜਾਬ ਸਰਕਾਰ ਨੂੰ ‘ਵਿਕਾਸ ਟੈਕਸ’ ਤੋਂ 190.36 ਕਰੋੜ ਰੁਪਏ ਵਸੂਲ ਹੋਏ ਸਨ ਜਦੋਂ ਕਿ ਚਾਲੂ ਵਿੱਤੀ ਵਰ੍ਹੇ ਦੇ ਜੂਨ ਮਹੀਨੇ ਤੱਕ 48.72 ਕਰੋੜ ਰੁਪਏ ਪ੍ਰਾਪਤ ਹੋਏ ਹਨ।
ਬੇਅਦਬੀ ਮਾਮਲੇ ਤੋਂ ਕਾਂਗਰਸੀ ਅਣਜਾਣ ਕਿਉਂ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਦਨ ਤੋਂ ਬਾਹਰ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬੇਅਦਬੀ ਖ਼ਿਲਾਫ਼ ਬਿੱਲ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਸੁਆਲ ਕੀਤਾ ਕਿ ਜਦੋਂ ਪੰਜਾਬ ’ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਸੂਬੇ ਦਾ ਬੱਚਾ-ਬੱਚਾ ਜਾਣੂ ਹੈ ਤਾਂ ਬੇਅਦਬੀ ਦੀ ਜਾਣਕਾਰੀ ਕਾਂਗਰਸ ਨੂੰ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਇਸ ਬਿੱਲ ’ਤੇ ਬਹਿਸ ਲਈ ਤਿਆਰੀ ਵਾਸਤੇ ਸਮਾਂ ਮੰਗਿਆ ਹੈ ਜਿਸ ਤੋਂ ਸਾਫ਼ ਹੁੰਦਾ ਹੈ ਕਿ ਕਾਂਗਰਸ ਨੂੰ ਬੇਅਦਬੀ ਮਾਮਲਿਆਂ ਨੂੰ ਲੈ ਕੇ ਵੀ ਤਿਆਰੀ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਬਿਨਾਂ ਹੋਮ ਵਰਕ ਕੀਤੇ ਸਦਨ ’ਚ ਆਉਂਦੀ ਹੈ। ਪਹਿਲੀ ਵਾਰ ਸੂਬਾ ਸਰਕਾਰ ਆਪਣਾ ਇਸ ਮਾਮਲੇ ’ਤੇ ਕਾਨੂੰਨ ਬਣਾ ਰਹੀ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਭਲਕੇ ਕਾਂਗਰਸ ਤਿਆਰੀ ਕਰਕੇ ਆਵੇਗੀ।
ਪੰਜਾਬ ਵਿਧਾਨ ਸਭਾ ’ਚ ਦੋ ਬਿੱਲ ਪਾਸ
ਪੰਜਾਬ ਵਿਧਾਨ ਸਭਾ ’ਚ ਅੱਜ ਦੋ ਅਹਿਮ ਬਿੱਲ ਪਾਸ ਕੀਤੇ ਗਏ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਬਿੱਲ ‘ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਸੋਧਨਾ) ਬਿੱਲ 2025’ ਅਤੇ ਪੰਜਾਬ ਨਮਿੱਤਣ ਐਕਟਸ (ਰੀਪੀਲ) ਬਿੱਲ 2025 ਨੂੰ ਸਦਨ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਦੋਵੇਂ ਬਿੱਲ ਬਿਨਾਂ ਕਿਸੇ ਬਹਿਸ ਤੋਂ ਹੀ ਪਾਸ ਹੋ ਗਏ।
ਤਿੰਨ ਅਹਿਮ ਵਿਧਾਇਕ ਗ਼ੈਰਹਾਜ਼ਰ
ਬੇਅਦਬੀ ਖ਼ਿਲਾਫ਼ ਬਿੱਲ ਸਦਨ ’ਚ ਪੇਸ਼ ਹੋਣ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਗਨੀਵ ਕੌਰ ਮਜੀਠੀਆ ਗ਼ੈਰਹਾਜ਼ਰ ਰਹੇ। ਚੇਤੇ ਰਹੇ ਕਿ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਬੇਅਦਬੀਆਂ ਦੇ ਮਾਮਲੇ ਸਾਹਮਣੇ ਆਏ ਸਨ। ਬੇਅਦਬੀ ਮਾਮਲਿਆਂ ’ਤੇ ਨਿਆਂ ਲਈ ਆਵਾਜ਼ ਚੁੱਕਣ ਵਾਲੇ ‘ਆਪ’ ’ਚੋਂ ਖ਼ਾਰਜ ਕੀਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਇਸ ਅਹਿਮ ਮੌਕੇ ’ਤੇ ਗ਼ੈਰਹਾਜ਼ਰ ਸਨ। ਬਸਪਾ ਵਿਧਾਇਕ ਡਾ. ਨਛੱਤਰਪਾਲ ਵੀ ਅੱਜ ਨਜ਼ਰ ਨਹੀਂ ਆਏ।