ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਸ਼ੇਸ਼ ਇਜਲਾਸ: ਵਿਧਾਨ ਸਭਾ ’ਚ ਅਬੋਹਰ ਕਾਂਡ ਦੀ ਗੂੰਜ

ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਹੀ 11 ਮਿੰਟ ’ਚ ਸਮਾਪਤ ਹੋਈ ਕਾਰਵਾਈ
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 10 ਜੁਲਾਈ

Advertisement

ਪੰਜਾਬ ਵਿਧਾਨ ਸਭਾ ਦਾ ਅੱਜ ਸ਼ੁਰੂ ਹੋਇਆ ਦੋ ਰੋਜ਼ਾ ਵਿਸ਼ੇਸ਼ ਇਜਲਾਸ ਪਹਿਲੇ ਦਿਨ ਸਿਰਫ਼ 11 ਮਿੰਟਾਂ ’ਚ ਹੀ ਸਮਾਪਤ ਹੋ ਗਿਆ, ਜਿਸ ਵਿੱਚ ਅਬੋਹਰ ਦੇ ਕੱਪੜਾ ਵਪਾਰੀ ਸੰਜੈ ਵਰਮਾ ਦੀ ਹੱਤਿਆ ਦੀ ਗੂੰਜ ਪਈ। ਸਦਨ ਨੇ ਵਪਾਰੀ ਸੰਜੈ ਵਰਮਾ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਸ ਦੀ ਹੱਤਿਆ 7 ਜੁਲਾਈ ਨੂੰ ਅਬੋਹਰ ’ਚ ਕਰ ਦਿੱਤੀ ਗਈ ਸੀ। ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤੀ।

ਸਦਨ ਵਿੱਚ ਬੱਲੂਆਣਾ ਤੋਂ ‘ਆਪ’ ਵਿਧਾਇਕ ਅਮਨਦੀਪ ਸਿੰਘ ਮੁਸਾਫ਼ਰ ਨੇ ਸ਼ਰਧਾਂਜਲੀਆਂ ’ਚ ਅਬੋਹਰ ਦੇ ਕੱਪੜਾ ਵਪਾਰੀ ਸੰਜੈ ਵਰਮਾ ਦਾ ਨਾਮ ਵੀ ਸ਼ਾਮਲ ਕਰਨ ਲਈ ਪ੍ਰਸਤਾਵ ਪੇਸ਼ ਕੀਤਾ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ ਇਹ ਵੀ ਕਿਹਾ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਵਪਾਰੀ ਦੀ ਹੋਈ ਹੱਤਿਆ ਕਾਰਨ ਸਮੁੱਚੇ ਮਾਲਵੇ ਵਿੱਚ ਸੋਗ ਦੀ ਲਹਿਰ ਸੀ। ਸਪੀਕਰ ਸੰਧਵਾਂ ਨੇ ਇਸ ਮੌਕੇ ਅਬੋਹਰ ਹੱਤਿਆ ਕਾਂਡ ਵਿੱਚ ਸ਼ਾਮਲ ਅਪਰਾਧੀਆਂ ਖ਼ਿਲਾਫ਼ ਹੋਈ ਫ਼ੌਰੀ ਕਾਰਵਾਈ ਲਈ ਪੰਜਾਬ ਪੁਲੀਸ ਦੀ ਪ੍ਰਸ਼ੰਸਾ ਕੀਤੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੌਕੇ ਸਵਾਲ ਉਠਾਇਆ ਕਿ ਹੱਤਿਆ ਕਾਂਡ ਦੇ ਮਾਮਲੇ ’ਚ ਪੰਜਾਬ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ’ਤੇ ਹਾਲੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਆਇਆ ਹੈ। ਸਦਨ ਦੇ ਅੰਦਰ ਅਤੇ ਬਾਹਰ ਵਪਾਰੀ ਸੰਜੈ ਵਰਮਾ ਦੀ ਹੱਤਿਆਦੀ ਗੂੰਜ ਪੈਂਦੀ ਰਹੀ। ਕੈਬਨਿਟ ਮੰਤਰੀ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਅਹਿਮਦਾਬਾਦ ਹਵਾਈ ਹਾਦਸੇ ਵਿੱਚ ਮਾਰੇ ਗਏ 260 ਵਿਅਕਤੀਆਂ ਨੂੰ ਵੀ ਸ਼ਰਧਾਂਜਲੀਆਂ ਵਿੱਚ ਸ਼ਾਮਲ ਕਰਨ ਦੀ ਮੰਗ ਰੱਖੀ। ਸਦਨ ਨੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਤਰਨ ਤਾਰਨ ਤੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ਸਾਹਿਤਕਾਰ ਰਤਨ ਸਿੰਘ ਜੱਗੀ ਅਤੇ ਤਿੰਨ ਫੌਜੀ ਸੈਨਿਕਾਂ ਨਾਇਕ ਸੁਰਿੰਦਰ ਸਿੰਘ ਅਤੇ ਲਾਂਸ ਨਾਇਕ ਬਲਜੀਤ ਸਿੰਘ ਤੇ ਗੁਰਪ੍ਰੀਤ ਸਿੰਘ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਗੁਆ ਦਿੱਤੀਆਂ, ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਦੇ ਮਾਮਲੇ ’ਤੇ ਦਿੱਲੀ ਵਿੱਚ ਲੰਘੇ ਕੱਲ੍ਹ ਹੋਈ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਗਏ ਹੋਏ ਸਨ ਜੋ ਕਿ ਅੱਜ ਸੈਸ਼ਨ ਵਿੱਚ ਨਹੀਂ ਪਹੁੰਚ ਸਕੇ। ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਗ਼ੈਰਹਾਜ਼ਰ ਰਹੀ ਜਦੋਂ ਕਿ ਅੱਜ ਸਦਨ ਵਿੱਚ 11 ਕਾਂਗਰਸੀ ਵਿਧਾਇਕ ਹਾਜ਼ਰ ਸਨ। ਅੱਜ ਸੈਸ਼ਨ ਦੀ ਸ਼ੁਰੂਆਤ ਮੌਕੇ ਸਭਨਾਂ ਦਾ ਧਿਆਨ ਇਸ ਵੱਲ ਸੀ ਕਿ ਕੀ ਗਨੀਵ ਕੌਰ ਮਜੀਠੀਆ ਸੈਸ਼ਨ ਵਿੱਚ ਹਿੱਸਾ ਲੈਣ ਲਈ ਆਉਂਦੇ ਹਨ ਜਾਂ ਨਹੀਂ, ਕਿਉਂਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ’ਚ ਵਿਸ਼ੇਸ਼ ਇਜਲਾਸ ਦੌਰਾਨ ਕਾਫ਼ੀ ਸਿਆਸੀ ਹੱਲੇ ਹੋਣੇ ਹਨ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਬਿੱਲ ਆਏਗਾ ਅਤੇ ਬੀਬੀਐੱਮਬੀ ਦੇ ਡੈਮਾਂ ’ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਖ਼ਿਲਾਫ਼ ਵੀ ਇੱਕ ਮਤਾ ਪੇਸ਼ ਹੋਵੇਗਾ। ਪੰਜਾਬ ਮੰਤਰੀ ਮੰਡਲ ਪਹਿਲਾਂ ਹੀ ਆਖ ਚੁੱਕਾ ਹੈ ਕਿ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਮਨਜ਼ੂਰ ਨਹੀਂ ਹੈ ਅਤੇ ਡੈਮਾਂ ਦੀ ਸੁਰੱਖਿਆ ਪੰਜਾਬ ਪੁਲੀਸ ਕਰੇਗੀ।

Advertisement