ਸ਼੍ੋਮਣੀ ਕਮੇਟੀ ਵੱਲੋਂ ਵਿਸ਼ੇਸ਼ ਸਮਾਗਮ 25 ਨੂੰ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਤੋਂ ਪਹਿਲਾਂ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਪਰਦਾਵਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਮਾਨਤਾ ਮਿਲਣ ਦੀ ਸੰਭਾਵਨਾ ਤੇਜ਼ ਹੋ ਗਈ ਹੈ। ਉਹ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਹਨ। ਇਸ ਸਬੰਧ ਵਿੱਚ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 25 ਅਕਤੂਬਰ ਨੂੰ ਤਖ਼ਤ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਿਸ਼ੇਸ਼ ਸਮਾਗਮ ਸੱਦਿਆ ਗਿਆ ਹੈ। ਇਸ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਜਥੇਬੰਦੀਆਂ ਤੇ ਹੋਰ ਮਹਾਪੁਰਖਾਂ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਾਣ -ਸਨਮਾਨ ਦੇ ਕੇ ਉਨ੍ਹਾਂ ਨੂੰ ਇਹ ਪੰਥਕ ਜ਼ਿੰਮੇਵਾਰੀ ਦੀ ਸਹਿਮਤੀ ਦਿੱਤੀ ਜਾਵੇਗੀ।
ਇਸ ਸਮਾਗਮ ’ਚ ਸ਼ਮੂਲੀਅਤ ਦੇ ਸਬੰਧ ਵਿੱਚ ਸ਼੍ੋਮਣੀ ਕਮੇਟੀ ਦੇ ਸਕੱਤਰ ਵੱਲੋਂ ਸਿੱਖ ਜਥੇਬੰਦੀਆਂ ਦੇ ਨਾਂਅ ਪੱਤਰ ਭੇਜੇ ਗਏ ਹਨ। ਸ਼੍ੋਮਣੀ ਕਮੇਟੀ ਦੇ ਉੱਚ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ 25 ਅਕਤੂਬਰ ਨੂੰ ਰੱਖੇ ਗਏ ਸਮਾਗਮ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਸਣੇ ਦਮਦਮੀ ਟਕਸਾਲ ਦੇ ਪ੍ਰਤੀਨਿਧ ਵੀ ਸ਼ਾਮਿਲ ਹੋਣਗੇ।
