ਸੋਨੂੰ ਸੂਦ ਵੱਲੋਂ ਹੜ੍ਹ ਪੀੜਤਾਂ ਨੂੰ ਘਰ ਬਣਾ ਕੇ ਦੇਣ ਦਾ ਭਰੋਸਾ
ਅਦਾਕਾਰ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਮੰਡ ਬਾਊਪੁਰ ਤੇ ਸਾਂਗਰਾ ਦਾ ਦੌਰਾ
Advertisement
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਟੀਮ ਨਾਲ ਸੁਲਤਾਨਪੁਰ ਲੋਧੀ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਮੰਡ ਬਾਊਪੁਰ ਤੇ ਸਾਂਗਰਾ ਪਹੁੰਚੇ। ਬਿਆਸ ਦਰਿਆ ’ਚ ਆਏ ਹੜ੍ਹ ਕਾਰਨ ਇਲਾਕੇ ਦੇ ਕਈ ਕਿਸਾਨਾਂ ਦੇ ਮਕਾਨ ਡਿੱਗ ਗਏ ਸਨ, ਜਿਸ ਨਾਲ ਪਰਿਵਾਰ ਬੇਘਰ ਹੋ ਗਏ।ਪੈਂਤੀਕੋਸਟਲ ਕ੍ਰਿਸਚੀਅਨ ਯੂਥ ਫੈਲੋਸ਼ਿਪ ਪੰਜਾਬ ਦੇ ਚੇਅਰਮੈਨ ਚਰਨਜੀਤ ਮਸੀਹ ਵੱਲੋਂ ਕੁਝ ਦਿਨ ਪਹਿਲਾਂ ਮਾਲਵਿਕਾ ਸੂਦ ਨੂੰ ਅਪੀਲ ਕੀਤੀ ਗਈ ਸੀ ਕਿ ਸੂਦ ਫਾਊਂਡੇਸ਼ਨ ਹੜ੍ਹ ਪੀੜਤਾਂ ਦੀ ਸਹਾਇਤਾ ਕਰੇ। ਇਸ ਅਪੀਲ ’ਤੇ ਕਾਰਵਾਈ ਕਰਦਿਆਂ ਸੋਨੂੰ ਸੂਦ ਤੇ ਮਾਲਵਿਕਾ ਸੂਦ ਪੀੜਤਾਂ ਦੀ ਸਾਰ ਲੈਣ ਲਈ ਮੌਕੇ ’ਤੇ ਪਹੁੰਚੇ। ਕਿਸਾਨ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਉਨ੍ਹਾਂ ਕਿਹਾ,‘ਕੁਦਰਤ ਦੀ ਕਰੋਪੀ ਨੇ ਵੱਡਾ ਨੁਕਸਾਨ ਕੀਤਾ ਹੈ ਪਰ ਹੁਣ ਸਮਾਂ ਹੈ ਕਿ ਅਸੀਂ ਸਭ ਮਿਲ ਕੇ ਇੱਕ-ਦੂਜੇ ਦੀ ਮਦਦ ਲਈ ਖੜ੍ਹੇ ਹੋਈਏ।’ ਉਨ੍ਹਾਂ ਭਰੋਸਾ ਦਿੱਤਾ ਕਿ ਸੂਦ ਫਾਊਂਡੇਸ਼ਨ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰੇਗਾ ਤੇ ਜਿਵੇਂ ਹੀ ਪਾਣੀ ਘਟੇਗਾ, ਡਿੱਗੇ ਘਰਾਂ ਦੀ ਉਸਾਰੀ ਸ਼ੁਰੂ ਕਰਵਾਈ ਜਾਵੇਗੀ। ਯੂਥ ਆਗੂ ਚਰਨਜੀਤ ਸਿੰਘ ਨੇ ਫਾਊਂਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਡ ਬਾਊਪੁਰ ਤੇ ਨੇੜਲੇ ਪਿੰਡਾਂ ’ਚ ਹੜ੍ਹ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਇਸ ਮੌਕੇ ਨੰਬਰਦਾਰ ਕੁਲਦੀਪ ਸਿੰਘ ਸਾਂਗਰਾ ਅਤੇ ਪਰਮਜੀਤ ਸਿੰਘ ਬਾਊਪੁਰ ਸਮੇਤ ਹੋਰਾਂ ਨੇ ਵੀ ਪਿੰਡਾਂ ਦਾ ਸਰਵੇਖਣ ਕਰਵਾਇਆ।
Advertisement
Advertisement