ਚਾਰ ਜ਼ਿਲ੍ਹਿਆਂ ਦੀਆਂ ਮੰਡੀਆਂ ’ਚ ਲੱਗਣਗੇ ਸੋਲਰ ਪ੍ਰਾਜੈਕਟ: ਬਰਸਟ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਨਵਿਆਉਣਯੋਗ ਊਰਜਾ ਨੂੰ ਹੁਲਾਰਾ ਦੇਣ ਵੱਲ ਕਦਮ ਚੁੱਕਦਿਆਂ ਮੰਡੀ ਬੋਰਡ ਨੇ ਜਲੰਧਰ, ਪਟਿਆਲਾ, ਫਿਰੋਜ਼ਪੁਰ ਤੇ ਲੁਧਿਆਣਾ ਦੀਆਂ ਵੱਖ-ਵੱਖ ਮੰਡੀਆਂ ਵਿੱਚ 24.5 ਕਰੋੜ ਰੁਪਏ ਦੀ ਲਾਗਤ ਨਾਲ ਸੋਲਰ ਪਾਵਰ ਪਲਾਂਟ ਲਾਉਣ ਦੀ ਯੋਜਨਾ ਬਣਾਈ ਹੈ। ਇਸ ਵਾਤਾਵਰਨ ਪੱਖੀ ਪਹਿਲਕਦਮੀ ਨਾਲ ਬਿਜਲੀ ਖਰਚਿਆਂ ਵਿੱਚ ਸਾਲਾਨਾ ਲਗਪਗ 3.5 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ। ਚੇਅਰਮੈਨ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਸੂਬੇ ਦੀਆਂ ਮੰਡੀਆਂ ’ਚ 50,000 ਤੋਂ ਵੱਧ ਬੂਟੇ ਲਾਏਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤਲਵੰਡੀ ਸਾਬੋ ਸਥਿਤ ਗੈਸਟ ਹਾਊਸ ਦੇ ਨਵੀਨੀਕਰਨ ਦੇ ਕਾਰਜ ਜਲਦੀ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਇਸ ਨੂੰ ਕਿਸਾਨ ਭਵਨ, ਚੰਡੀਗੜ੍ਹ ਦੀ ਤਰਜ਼ ’ਤੇ ਚਲਾਇਆ ਜਾ ਸਕੇ।
ਈ-ਨਿਲਾਮੀ ਰਾਹੀਂ 373 ਕਰੋੜ ਕਮਾਏ
ਚੇਅਰਮੈਨ ਬਰਸਟ ਨੇ ਦੱਸਿਆ ਕਿ ਮੰਡੀ ਬੋਰਡ ਨੂੰ ਇਸ ਸਾਲ ਹੁਣ ਤੱਕ 842 ਪਲਾਟਾਂ ਦੀ ਈ-ਨੀਲਾਮੀ ਰਾਹੀਂ 373 ਕਰੋੜ ਰੁਪਏ ਦੀ ਆਮਦਨ ਹੋਈ ਹੈ। ਉਨ੍ਹਾਂ ਨੇ ਸੂਬੇ ਦੀਆਂ ਮੰਡੀਆਂ ਦੇ ਕਵਰ ਸ਼ੈੱਡਾਂ ਨੂੰ ਆਫ-ਸੀਜ਼ਨ ਦੌਰਾਨ ਲੋਕਾਂ ਦੀ ਵਰਤੋਂ ਲਈ ਖੋਲ੍ਹਣ ਦੀ ਪਹਿਲਕਦਮੀ ਬਾਰੇ ਦੱਸਿਆ ਕਿ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਨਾਲ ਇੱਕ ਕਰੋੜ ਰੁਪਏ ਦੀ ਆਮਦਨ ਹੋਈ ਹੈ।