ਹਸਪਤਾਲ ਦੀ ਛੱਤ ਤੋਂ ਮਿਲਿਆ ਨੌਜਵਾਨ ਦਾ ਪਿੰਜਰ
ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਖ਼ਦਸ਼ਾ
Advertisement
ਇੱਥੇ ਮੁੱਢਲੇ ਸਿਹਤ ਕੇਂਦਰ ਵਿੱਚ ਬਣਾਏ ਗਏ ਆਮ ਆਦਮੀ ਕਲੀਨਿਕ ਦੀ ਛੱਤ ਉੱਪਰੋਂ ਨੌਜਵਾਨ ਦਾ ਪਿੰਜਰ ਮਿਲਿਆ ਹੈ। ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦਾ ਖ਼ਦਸ਼ਾ ਹੈ। ਪੁਲੀਸ ਚੌਕੀ ਜੰਡਿਆਲਾ ਅਨੁਸਾਰ ਮ੍ਰਿਤਕ ਦੀ ਪਛਾਣ ਨਜ਼ਦੀਕੀ ਪਿੰਡ ਥਾਬਲਕੇ ਦੇ ਅਮਨਦੀਪ ਕੁਮਾਰ ਪੁੱਤਰ ਸਵ. ਸੁਰਜੀਤ ਕੁਮਾਰ ਵਜੋਂ ਹੋਈ ਹੈ। ਉਹ ਲਗਪਗ ਦੋ ਹਫਤਿਆਂ ਤੋਂ ਗਾਇਬ ਸੀ ਅਤੇ ਅਕਸਰ ਜੰਡਿਆਲਾ ਦੇ ਓਟ ਸੈਂਟਰ ਵਿੱਚ ਨਸ਼ਾ ਛੁਡਾਉਣ ਵਾਲੀ ਦਵਾਈ ਲੈਣ ਆਉਂਦਾ ਸੀ। ਕਈ ਦਿਨਾਂ ਤੋਂ ਹਸਪਤਾਲ ਦੇ ਅਮਲੇ ਨੂੰ ਹਲਕੀ ਜਿਹੀ ਬਦਬੂ ਆ ਰਹੀ ਸੀ ਪਰ ਕਾਰਨ ਪਤਾ ਨਹੀਂ ਲੱਗ ਰਿਹਾ ਸੀ। ਜਦੋਂ ਬਦਬੂ ਵਧ ਗਈ ਤਾਂ ਹਸਪਤਾਲ ਦੇ ਸਟਾਫ ਨੇ ਛੱਤ ਉੱਪਰ ਜਾ ਕੇ ਦੇਖਿਆ ਤਾਂ ਉਕਤ ਨੌਜਵਾਨ ਦਾ ਪਿੰਜਰ ਮਿਲਿਆ। ਮ੍ਰਿਤਕ ਨੇੜਿਓਂ ਸਰਿੰਜ ਵੀ ਮਿਲੀ ਦੱਸੀ ਜਾਂਦੀ ਹੈ। ਪੁਲੀਸ ਚੌਕੀ ਜੰਡਿਆਲਾ ਦੇ ਇੰਚਾਰਜ ਗੁਲਜਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ ਹੈ ਅਤੇ ਉਸ ਦੀ ਮਾਤਾ ਪ੍ਰੋਮਿਲਾ ਦੇ ਬਿਆਨਾਂ ਦੇ ਆਧਾਰ ’ਤੇ ਫ਼ਿਲਹਾਲ ਬੀਐੱਨਐੱਸ ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਗਈ ਹੈ।
Advertisement
Advertisement