ਕਮਾਲਕੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸਣੇ ਛੇ ਅਧਿਆਪਕ ਮੈਡੀਕਲ ਛੁੱਟੀ ’ਤੇ
ਵਿਦਿਆਰਥੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੂਜੇ ਪਾਸੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸਣੇ ਪੰਜ ਹੋਰ ਅਧਿਆਪਕ ਮੈਡੀਕਲ ਛੁੱਟੀ ’ਤੇ ਚਲੇ ਗਏ ਹਨ। ਇੱਕ ਅਧਿਆਪਕ ਨੇ ਇਨ੍ਹਾਂ ਦਿਨਾਂ ਵਿੱਚ ਹੀ ਸਕੂਲ ਤੋਂ ਆਪਣੀ ਬਦਲੀ ਕਰਵਾ ਲਈ ਹੈ। ਛੁੱਟੀ ’ਤੇ ਗਏ ਇਨ੍ਹਾਂ ਸਾਰੇ ਅਧਿਆਪਕਾਂ ਖ਼ਿਲਾਫ਼ ਹੀ ਵਿਦਿਆਰਥੀ ਦੇ ਪਰਿਵਾਰ ਨੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸਨ। ਸਕੂਲ ਦਾ ਕੰਮ-ਕਾਜ ਦੇਖ ਰਹੇ ਅਧਿਆਪਕ ਨੀਤੂ ਬਾਲਾ ਨੇ ਦੱਸਿਆ ਕਿ ਛੁੱਟੀ ’ਤੇ ਗਏ ਜ਼ਿਆਦਾਤਰ ਅਧਿਆਪਕਾਂ ਨੇ ਛੁੱਟੀ ਦੇ ਨਾਲ ਆਪਣੇ ਮੈਡੀਕਲ ਸਰਟੀਫਿਕੇਟ ਭੇਜੇ ਹਨ।
ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਕਿਹਾ ਕਿ ਲੰਘੇ ਦਿਨ ਲੜਕੇ ਦੇ ਪਿਤਾ ਕੁਲਵਿੰਦਰ ਸਿੰਘ ਦੇ ਬਿਆਨ ਕਲਮਬੰਦ ਕੀਤੇ ਗਏ ਹਨ ਅਤੇ ਪੁਲੀਸ ਰੋਜ਼ਨਾਮਚੇ ਵਿਚ ਰਿਪੋਰਟ ਦਰਜ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਲੜਕੇ ਦੇ ਹਾਲਾਤ ਮੁਤਾਬਕ ਅਗੇਰਲੀ ਕਾਰਵਾਈ ਕੀਤੀ ਜਾਵੇਗੀ। ਡੀਐੱਸਪੀ ਧਰਮਕੋਟ ਜਸਵਰਿੰਦਰ ਸਿੰਘ ਮੁਤਾਬਕ ਸਾਰਾ ਮਾਮਲਾ ਅਜੇ ਜਾਂਚ ਦਾ ਵਿਸ਼ਾ ਹੈ। ਹਾਈ ਕੋਰਟ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬੰਧਤ ਸ਼ਿਕਾਇਤ ’ਤੇ ਡੈਥ ਕੇਸ ’ਤੇ ਹੀ ਧਾਰਾ 306 ਅਧੀਨ ਮਾਮਲਾ ਦਰਜ ਹੋ ਸਕਦਾ ਹੈ।