ਵਰਦੀਧਾਰੀ ਛੇ ਮੈਂਬਰੀ ਨਕਲੀ ਪੁਲੀਸ ਗਰੋਹ ਦਾ ਪਰਦਾਫ਼ਾਸ਼
ਇਥੇ ਥਾਣਾ ਅਜੀਤਵਾਲ ਨੇ ਵਰਦੀਧਾਰੀ 6 ਮੈਂਬਰੀ ਨਕਲੀ ਪੁਲੀਸ ਗਰੋਹ ਦਾ ਪਰਦਾਫ਼ਾਸ਼ ਕਰਕੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਗਰੋਹ ਵਿੱਚ ਪਿਉ ਪੁੱਤ ਵੀ ਸ਼ਾਮਲ ਹਨ। ਨਕਲੀ ਥਾਣੇਦਾਰ ਅਤੇ ਵਰਦੀਧਾਰੀ ਸਿਪਾਹੀ ਗਰੋਹ ਨੇ ਪਿੰਡ ਢੁੱਡੀਕੇ ਵਿੱਚ ਔਰਤ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਔਰਤ ਨੂੰ ਨਸ਼ਾ ਤਸਕਰੀ ਦਾ ਕੇਸ ਦਰਜ ਕਰਨ ਦੀ ਧਮਕੀ ਦੇ ਕੇ 1.50 ਲੱਖ ਦੀ ਮੰਗ ਕੀਤੀ ਗਈ ਪਰ ਇਸੇ ਦੌਰਾਨ ਇਹ ਨਕਲੀ ਪੁਲੀਸ ਵਾਲੇ ਅਸਲੀ ਪੁਲੀਸ ਨੇ ਕਾਬੂ ਕਰ ਲਏ। ਐੱਸ.ਪੀ.(ਆਈ) ਡਾ ਬਾਲ ਕਿਸ੍ਰਨ ਸਿੰਗਲਾ, ਡੀ.ਐੱਸ.ਪੀ.ਨਿਹਾਲ ਸਿੰਘ ਵਾਲਾ ਅਨਵਰ ਅਲੀ, ਥਾਣਾ ਅਜੀਤਵਾਲ ਮੁਖੀ ਰਾਜ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਦਰਸ਼ਨ ਸਿੰਘ ਉਰਫ ਰਾਜੂ, ਉਸ ਦਾ ਪੁੱਤਰ ਰਵੀ ਸਿੰਘ ਉਰਫ ਰਵੀ, ਚੰਦ ਸਿੰਘ ਉਰਫ ਕਮਲੂ, ਗੁਰਵਿੰਦਰ ਸਿੰਘ ਉਰਫ ਲਾਲੀ ਉਰਫ ਲਾਡੀ, ਸਤਨਾਮ ਸਿੰਘ ਉਰਫ ਸੀਰਾ ਸਾਰੇ ਪਿੰਡ ਫ਼ਤਹਿਗੜ੍ਹ ਕੋਰੋਟਾਣਾ ਅਤੇ ਧੀਰਾ ਸਿੰਘ ਪਿੰਡ ਤਰਤਾਰੀਏ ਵਾਲਾ ਵਜੋਂ ਹੋਈ ਹੈ। ਮੁਲਜ਼ਮਾਂ ਦੇ ਮੁੱਖ ਸਰਗਨੇ ਦਰਸ਼ਨ ਸਿੰਘ ਉਰਫ਼ ਰਾਜੂ ਅਤੇ ਸਤਨਾਮ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਹੈ। ਮੁਲਜ਼ਮ ਦਰਸ਼ਨ ਸਿੰਘ ਉਰਫ ਰਾਜੂ ਖ਼ਿਲਾਫ਼ ਪਹਿਲਾਂ ਹੀ 8 ਕੇਸ ਦਰਜ ਹਨ। ਹੋਰ ਮੁਲਜ਼ਮਾਂ ਖ਼ਿਲਾਫ਼ ਵੀ ਕੇਸ ਦਰਜ ਹਨ। ਮੁਲਜ਼ਮਾਂ ਕੋਲੋਂ ਦੋ ਥਾਣੇਦਾਰ ਅਤੇ ਤਿੰਨ ਸਿਪਾਹੀਆਂ ਦੀਆਂ ਵਰਦੀਆਂ ਅਤੇ ਕਾਰ ਬਰਾਮਦ ਕੀਤੀ ਗਈ ਹੈ। ਮੁਲਜ਼ਮ ਪਿੰਡ ਢੁੱੱਡੀਕੇ ਵਿੱਚ ਔਰਤ ਕੋਲੋਂ ਨਸ਼ਾ ਤਸਕਰੀ ਦਾ ਕੇਸ ਦਰਜ ਕਰਨ ਦੀ ਧਮਕੀ ਦੇ ਕੇ 1.50 ਲੱਖ ਦੀ ਮੰਗ ਕਰ ਰਹੇ ਸਨ।