ਚਾਰ ਕਿਲੋ ਹੈਰੋਇਨ ਤੇ ਦੋ ਪਿਸਤੌਲਾਂ ਸਣੇ ਛੇ ਕਾਬੂ
ਇੱਥੋਂ ਦੀ ਪੁਲੀਸ ਨੇ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਅਤੇ ਹਥਿਆਰ ਤਸਕਰੀ ਮਾਮਲੇ ਵਿੱਚ ਛੇ ਵਿਅਕਤੀਆਂ ਨੂੰ 4.03 ਕਿਲੋ ਹੈਰੋਇਨ ਅਤੇ ਦੋ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਮੁੱਲਾ ਰਹੀਮਾ ਉਤਾਰ ਦੇ ਰਹਿਣ ਵਾਲੇ ਜਗੀਰ ਸਿੰਘ ਉਰਫ਼ ਸੁੱਚਾ (35) ਅਤੇ ਪਿੰਡ ਚਾਹ ਬੋਹੜੀਆ ਦੇ ਰਹਿਣ ਵਾਲੇ ਅੰਗਰੇਜ਼ ਸਿੰਘ (20), ਤਰਨਤਾਰਨ ਦੇ ਮਸਤਗੜ੍ਹ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ (30), ਅਤੇ ਪਲਵਿੰਦਰ ਸਿੰਘ (35), ਫਿਰੋਜ਼ਪੁਰ ਦੀ ਘਿੰਨੀਵਾਲਾ ਕੈਨਾਲ ਕਲੋਨੀ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਉਰਫ਼ ਲੱਕੀ (24) ਅਤੇ ਫਿਰੋਜ਼ਪੁਰ ਦੀ ਨੌਰੰਗ ਕੇ ਸਿਆਲ ਕੈਨਾਲ ਕਲੋਨੀ ਦੇ ਰਹਿਣ ਵਾਲੇ ਬਲਜਿੰਦਰ ਸਿੰਘ (42) ਵਜੋਂ ਹੋਈ ਹੈ। ਇਹ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿੱਚ ਸਨ। ਮੁਲਜ਼ਮ ਖੇਮਕਰਨ ਅਤੇ ਫਿਰੋਜ਼ਪੁਰ ਵਿੱਚ ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਰਾਹੀਂ ਭੇਜੀ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰਦੇ ਸਨ, ਜੋ ਅੱਗੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਸਪਲਾਈ ਕੀਤੀ ਜਾਂਦੀ ਸੀ।
ਪੁਲੀਸ ਵਲੋਂ ਇਸ ਮਾਮਲੇ ਵਿੱਚ ਹੋਰ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਤਲਾਹ ’ਤੇ ਕਾਰਵਾਈ ਕਰਦਿਆਂ ਸ਼ੱਕੀ ਜਗੀਰ ਅਤੇ ਅੰਗਰੇਜ਼ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।