ਧਾਰ ਬਲਾਕ ਦੇ ਨੀਮ ਪਹਾੜੀ ਖੇਤਰ ਦੇ ਪਿੰਡ ਢਾਂਗੂ ਸਰਾਂ ਦਾ ਛੇ ਸਾਲ ਦਾ ਬੱਚਾ ਸਾਹਿਲ ਖੱਡ ਵਿੱਚ ਪਾਣੀ ਦੇਖਣ ਲੱਗਿਆ ਤਾਂ ਮਿੱਟੀ ਖਿਸਕ ਜਾਣ ਨਾਲ ਉਹ ਡੁੱਬ ਗਿਆ ਅਤੇ 500 ਮੀਟਰ ਅੱਗੇ ਜਾ ਕੇ ਝਾੜੀਆਂ ਵਿੱਚ ਫਸ ਗਿਆ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਹੋ ਰਹੀ ਬਾਰਸ਼ ਅਤੇ ਚਮੇਰਾ ਪ੍ਰਾਜੈਕਟ ਵੱਲੋਂ ਛੱਡੇ ਜਾ ਰਹੇ ਪਾਣੀ ਨਾਲ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪੁੱਜ ਗਿਆ ਹੈ। ਰਣਜੀਤ ਸਾਗਰ ਡੈਮ ਦੇ ਪ੍ਰਸ਼ਾਸਨ ਨੇ ਅੱਜ ਸਵੇਰੇ ਡੈਮ ਦੇ ਸਪਿਲਵੇ ਦੇ ਸਾਰੇ ਸੱਤ ਫਲੱਡ ਗੇਟ ਖੋਲ੍ਹ ਦਿੱਤੇ ਅਤੇ ਇਹ ਸਾਰਾ ਪਾਣੀ ਮਾਧੋਪੁਰ ਹੈੱਡ ਵਰਕਸ ਰਾਹੀਂ ਰਾਵੀ ਦਰਿਆ ਵਿੱਚ ਪੁੱਜਣਾ ਸ਼ੁਰੂ ਹੋ ਗਿਆ। ਪਾਣੀ ਛੱਡਣ ਨਾਲ ਰਾਜਪੁਰਾ ਪਿੰਡ ਕੋਲ ਗੁੱਜਰ ਪਰਿਵਾਰ ਪਾਣੀ ਵਿੱਚ ਘਿਰ ਗਿਆ। ਪਾਣੀ ਵਿੱਚ ਘਿਰੇ ਚਾਰ ਮੈਂਬਰਾਂ ਵਿੱਚ ਬਜ਼ੁਰਗ ਸ਼ਨੀ ਮੁਹੰਮਦ, ਦੋ ਔਰਤਾਂ ਰੇਸ਼ਮਾ ਤੇ ਬੀਨਾ ਅਤੇ ਇੱਕ ਦੋ ਸਾਲ ਦਾ ਬੱਚਾ ਸੁਲਤਾਨ ਅਲੀ ਸ਼ਾਮਲ ਹੈ। ਇਨ੍ਹਾਂ ਨੂੰ 6 ਘੰਟਿਆਂ ਬਾਅਦ ਐੱਨਡੀਆਰਐੱਫ ਦੀ ਟੀਮ ਨੇ ਕਿਸ਼ਤੀ ਰਾਹੀਂ ਸਰੁੱਖਿਅਤ ਬਾਹਰ ਕੱਢ ਲਿਆਂਦਾ। ਤਾਸ਼ ਪਿੰਡ ਵਿੱਚ ਤਿੰਨ ਪਰਿਵਾਰਾਂ ਦੇ ਡੇਰੇ, ਪਾਣੀ ਵਿੱਚ ਘਿਰ ਜਾਣ ਨਾਲ 15 ਪਰਿਵਾਰਕ ਮੈਂਬਰਾਂ ਨੇ ਛੱਤਾਂ ਤੇ ਚੜ੍ਹ ਕੇ ਜਾਨ ਬਚਾਈ। ਇਨ੍ਹਾਂ ਨੂੰ ਨਰੋਟ ਜੈਮਲ ਸਿੰਘ ਦੇ ਥਾਣਾ ਮੁਖੀ ਵਿਜੇ ਕੁਮਾਰ ਨੇ ਪਿੰਡ ਵਾਸੀਆਂ ਦੀ ਮੱਦਦ ਨਾਲ ਕਿਸ਼ਤੀ ਰਾਹੀਂ ਸਰੁੱਖਿਅਤ ਬਾਹਰ ਕੱਢਿਆ। ਉਧਰ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਥਲੌਰ ਪੁਲ ਅਤੇ ਹੋਰ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ।
ਹੁਸ਼ਿਆਰਪੁਰ (ਜਗਜੀਤ ਸਿੰਘ): ਪੌਂਗ ਡੈਮ ਦਾ ਪੱਧਰ ਵਧਣ ਕਾਰਨ ਬੀਬੀਐੱਮਬੀ ਪ੍ਰਸ਼ਾਸਨ ਨੇ ਡੈਮ ਤੋਂ ਅੱਜ ਸ਼ਾਮ 4 ਵਜੇ ਛੱਡੇ ਜਾ ਰਹੇ 6200 ਕਿਊਸਕ ਪਾਣੀ ਤੋਂ ਕੱਲ੍ਹ ਤੱਕ ਸਵੇਰੇ 9 ਵਜੇ ਕਰੀਬ 13 ਹਜ਼ਾਰ ਕਿਊਸਕ ਪਾਣੀ ਹੋਰ ਵਧਾ ਕੇ 75000 ਕਿਊਸਕ ਪਾਣੀ ਛੱਡਣ ਦਾ ਸ਼ਡਿਊਲ ਜਾਰੀ ਕੀਤਾ ਹੈ। ਵੱਧ ਪਾਣੀ ਛੱਡੇ ਜਾਣ ਨਾਲ ਬਿਆਸ ਦਰਿਆ ਨੇੜਲੇ ਪਿੰਡਾਂ ਵਿੱਚ ਪਾਣੀ ਦੀ ਮਾਰ ਹੋਰ ਵੱਧ ਸਕਦੀ ਹੈ। ਦੇਰ ਸ਼ਾਮ 6 ਵਜੇ ਪੌਂਗ ਡੈਮ ਵਿੱਚ ਪਾਣੀ ਦੀ ਆਮਦ 205515 ਕਿਊਸਕ ਹੋਣ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1386.20 ਫੁੱਟ ’ਤੇ ਚਲਿਆ ਗਿਆ। ਇਸ ਕਾਰਨ ਪੌਂਗ ਡੈਮ ਵਲੋਂ ਅੱਗੇ ਬਿਆਸ ਦਰਿਆ ’ਤੇ ਮੁਕੇਰੀਆਂ ਹਾਈਡਲ ਚੈਨਲ ਵਿੱਚ 63732 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਬਿਆਸ ਦਰਿਆ ਵਿੱਚ ਪਹਿਲਾਂ ਹੀ ਚੱਕੀ ਅਤੇ ਪਹਾੜਾਂ ਦੇ ਆਏ ਪਾਣੀ ਕਾਰਨ ਬਿਆਸ ਦਰਿਆ ਨੇੜਲੇ ਪਿੰਡਾਂ ਨੂੰ ਹੜ੍ਹਾਂ ਦਾ ਖਤਰਾ ਸਤਾ ਰਿਹਾ ਹੈ। ਪ੍ਰਸ਼ਾਸਨਿਕ ਪ੍ਰਬੰਧਾਂ ਦੀ ਘਾਟ ਕਾਰਨ ਮਹਿਤਾਬਪੁਰ, ਕੋਲੀਆਂ, ਸਨਿਆਲ ਸਣੇ ਕੁਝ ਥਾਂਵਾਂ ’ਤੇ 50 ਤੋਂ 150 ਫੁੱਟ ਤੱਕ ਪਾੜ ਪੈ ਗਏ ਹਨ। ਅੱਜ ਦੇਰ ਸ਼ਾਮ ਤੱਕ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਾੜਾਂ ਨੁੰ ਪੂਰਿਆ ਨਹੀਂ ਜਾ ਸਕਿਆ। ਪਾੜਾਂ ਕਾਰਨ ਮੁਸੀਬਤ ਝੱਲ ਰਹੇ ਮਹਿਤਾਬਪੁਰ, ਹਲੇੜ ਜਨਾਰਧਨ, ਨੁਸ਼ਿਹਰਾ ਪੱਤਣ, ਸਨਿਆਲ, ਕੋਲੀਆਂ, ਮਿਆਣੀ ਪਿੰਡਾਂ ਵਿੱਚ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ।
ਨੰਗਲ (ਬਲਵਿੰਦਰ ਰੈਤ): ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਬਾਰਸ਼ ਪੈਣ ਨਾਲ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਡੈਮ ਵਿੱਚ ਅੱਜ ਪਾਣੀ ਦਾ ਪੱਧਰ 1688.58 ਫੁੱਟ ਰਿਕਾਰਡ ਕੀਤਾ ਗਿਆ ਜੋ ਖਤਰੇ ਦੇ ਨਿਸ਼ਾਨ ਤੋਂ ਮਸਾਂ 11 ਫੁੱਟ ਥੱਲੇ ਹੈ। ਇਸ ਦੌਰਾਨ ਲੰਘੀ ਰਾਤ ਤੋਂ ਪਹਾੜਾਂ ਵਿੱਚ ਭਾਰੀ ਮੀਂਹ ਪੈਣ ਨਾਲ ਸਵਾ ਨਦੀ ਵਿੱਚ ਹੜ੍ਹ ਦਾ ਪਾਣੀ ਆ ਰਿਹਾ ਹੈ। ਇਹ ਪਾਣੀ ਨਦੀ ਕੰਢੇ ਵਸੇ ਪਿੰਡਾਂ ਦੀਆਂ ਫਸਲਾਂ ਨੂੰ ਤਬਾਹ ਕਰ ਰਿਹਾ ਹੈ। ਬੇਲਿਆਂ ਦੇ ਕਈ ਪਿੰਡ ਪਾਣੀ ਵਿੱਚ ਘਿਰ ਗਏ ਹਨ। ਡੀਸੀ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਪ੍ਰਸ਼ਾਸਨ ਸਤਲੁਜ ਦਰਿਆ ਨੇੜੇ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਬਣਾ ਰਿਹਾ ਹੈ। ਅਧਿਕਾਰੀਆਂ ਵੱਲੋਂ ਇਸ ’ਤੇ ਨਜ਼ਰ ਰੱਖੀ ਜਾ ਰਹੀ ਹੈ। ਨੰਗਲ ਦੇ ਐੱਸਡੀਐੱਮ ਸਚਿਨ ਪਾਠਕ ਨੇ ਕਿਹਾ ਕਿ ਬੇਲਿਆਂ ਦੇ ਪਿੰਡਾਂ ਨੂੰ ਹਾਲ ਦੀ ਘੜੀ ਕੋਈ ਖਤਰਾ ਨਹੀਂ ਹੈ।
ਰਜਬਾਹੇ ਟੁੱਟਣ ਕਾਰਨ ਹੜ੍ਹ ਵਰਗੀ ਸਥਿਤੀ ਬਣੀ
ਮੋਘੇ ਬੰਦ ਹੋਣ ਕਾਰਨ ਪਿੰਡ ਕੋਟਲੀ ਖੁਰਦ ਵਿੱਚੋਂ ਲੰਘਦੀ ਨਹਿਰ ਵਿੱਚ ਪਿਆ ਪਾੜ।ਮਾਨਸਾ (ਜੋਗਿੰਦਰ ਸਿੰਘ ਮਾਨ): ਇੱਥੇ ਲਗਾਤਾਰ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਨਹਿਰੀ ਪਾਣੀ ਦੀ ਲੋੜ ਨਾ ਰਹਿਣ ’ਤੇ ਕਿਸਾਨਾਂ ਨੇ ਨਹਿਰਾਂ, ਰਜਬਾਹੇ, ਸੂਏ-ਕੱਸੀਆਂ ਦੇ ਮੋਘੇ ਬੰਦ ਕਰ ਦਿੱਤੇ ਹਨ। ਇਸ ਕਾਰਨ ਸੂਏ-ਕੱਸੀਆਂ ਵਿੱਚ ਪਾਣੀ ਓਵਰਫਲੋਅ ਹੋ ਗਿਆ ਹੈ। ਅਨੇਕਾਂ ਥਾਵਾਂ ’ਤੇ ਨਹਿਰਾਂ ਵਿੱਚ ਪਾਣੀ ਵਧਣ ਕਾਰਨ ਪਟੜੀਆਂ ਵਿੱਚ ਪਾੜ ਪੈਣ ਲੱਗੇ ਹਨ, ਜਿਸ ਸਦਕਾ ਹੜ੍ਹ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਇਸ ਦੌਰਾਨ ਕਿਸਾਨ ਖੇਤਾਂ ਦੇ ਨਾਲ-ਨਾਲ ਨਹਿਰੀ ਪਟੜੀਆਂ ਦੀ ਰਾਖੀ ਵੀ ਕਰਨ ਲੱਗੇ ਹਨ। ਇਸ ਦੌਰਾਨ ਜਲ ਸਰੋਤ ਵਿਭਾਗ ਨੇ ਕਿਸਾਨਾਂ ਨੂੰ ਨਹਿਰਾਂ ਤੇ ਰਜਬਾਹਿਆਂ ਦੇ ਮੋਘੇ ਬੰਦ ਨਾ ਕਰਨ ਦੀ ਅਪੀਲ ਕੀਤੀ ਹੈ। ਬਠਿੰਡਾ ਨਹਿਰ ਅਤੇ ਗਰਾਊਂਡ ਵਾਟਰ ਮੰਡਲ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਜਗਮੀਤ ਸਿੰਘ ਭਾਖਰ ਅਤੇ ਨਹਿਰੀ ਵਿਭਾਗ ਮਾਨਸਾ ਸਥਿਤ ਕਾਰਜਕਾਰੀ ਇੰਜਨੀਅਰ ਗੁਰਸਾਗਰ ਸਿੰਘ ਚਹਿਲ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਆਪੋ-ਆਪਣੇ ਪਿੰਡਾਂ ਦੇ ਮੋਘੇ ਨਾ ਬੰਦ ਕੀਤੇ ਜਾਣ ਤਾਂ ਜੋ ਨਹਿਰਾਂ-ਰਜਬਾਹਿਆਂ ਵਿੱਚ ਪਾੜ ਪੈਣ ਕਾਰਨ ਹੁੰਦੇ ਨੁਕਸਾਨ ਤੋਂ ਬਚਾਇਆ ਜਾ ਸਕੇ।ਅੱਜ ਮਾਨਸਾ ਨੇੜਲੇ ਪਿੰਡ ਕੋਟਲੀ ਖੁਰਦ ਵਿੱਚ ਮੋਘੇ ਬੰਦ ਹੋਣ ਤੋਂ ਬਾਅਦ ਨਹਿਰ ਵਿੱਚ ਪਏ ਪਾੜ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ। ਕਿਸਾਨਾਂ ਵੱਲੋਂ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਸਹਿਯੋਗ ਨਾਲ ਇਸ ਪਾੜ ਨੂੰ ਪੂਰਨ ਦਾ ਕਾਰਜ ਆਰੰਭਿਆ ਗਿਆ ਹੈ। ਕਿਸਾਨਾਂ ਨੂੰ ਬਣਾਂਵਾਲਾ ਤਾਪਘਰ ਵੱਲੋਂ ਜੇਸੀਬੀ, ਬੰਨ੍ਹ ਲਾਉਣ ਲਈ ਰੇਤ ਦੀਆਂ ਬੋਰੀਆਂ ਅਤੇ ਕੁੱਝ ਵਿਅਕਤੀ ਮੌਕੇ ’ਤੇ ਭੇਜੇ ਗਏ ਅਤੇ ਆਥਣ ਤੱਕ ਪਾਣੀ ਦੇ ਵਹਾਅ ਨੂੰ ਰੋਕਣ ਅਤੇ ਬਚਾਅ ਲਈ ਕੰਮ ਸ਼ੁਰੂ ਕੀਤਾ ਗਿਆ। ਉਧਰ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਭੈਣੀਬਾਘਾ ਰਜਬਾਹੇ ਦੇ ਮੋਘੇ ਬੰਦ ਹੋਣ ਕਾਰਨ ਨਹਿਰੀ ਪਟੜੀ ਦਾ ਵੱਡਾ ਹਿੱਸਾ ਬੈਠ ਗਿਆ, ਜਿਸ ਕਾਰਨ ਪਿੰਡਾਂ ਦੇ ਲੋਕਾਂ ਨੇ ਆਪਣੇ ਪੱਧਰ ’ਤੇ ਫ਼ਸਲਾਂ ਦੇ ਬਚਾਅ ਲਈ ਪਟੜੀ ਨੂੰ ਮਿੱਟੀ ਦੀਆਂ ਬੋਰੀਆਂ ਲਗਾ ਕੇ ਮਜ਼ਬੂਤ ਕੀਤਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਨਾਮ ਸਿੰਘ ਭੀਖੀ ਨੇ ਦੱਸਿਆ ਕਿ ਭੀਖੀ ਇਲਾਕੇ ਦੇ ਸਾਰੇ ਰਜਬਾਹੇ ਪਾਣੀ ਨਾਲ ਓਵਰਫਲੋਅ ਹੋ ਗਏ ਹਨ ਅਤੇ ਪਾਣੀ ਨਹਿਰਾਂ ਦੇ ਉਤੋਂ ਦੀ ਖੇਤਾਂ ਵਿੱਚ ਜਾਣ ਲੱਗਿਆ ਹੈ ਅਤੇ ਕਿਸੇ ਵੇਲੇ ਵੀ ਇਹ ਪਟੜੀਆਂ ਖੁਰ ਸਕਦੀਆਂ ਹਨ।