ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਵਿੱਚ ਹੜ੍ਹਾਂ ਕਾਰਨ ਹਾਲਾਤ ਗੰਭੀਰ

ਰਣਜੀਤ ਸਾਗਰ ਡੈਮ ਦੇ 7 ਗੇਟ ਖੋਲ੍ਹੇ; ਪੌਂਗ ਅਤੇ ਭਾਖਡ਼ਾ ’ਚ ਪਾਣੀ ਦਾ ਪੱਧਰ ਵਧਿਆ; ਸਰਹੱਦੀ ਖੇਤਰਾਂ ਦੇ ਕੲੀ ਪਿੰਡ ਖਾਲੀ ਕਰਨ ਦੇ ਹੁਕਮ
ਫਾਜ਼ਿਲਕਾ ਦੇ ਦਰਜਨਾਂ ਪਿੰਡਾਂ ਨੂੰ ਜੋੜਨ ਵਾਲੇ ਕਾਵਾਂਵਾਲੀ ਪੁਲ ਨਾਲ ਖਹਿ ਕੇ ਲੰਘਦਾ ਹੋਇਆ ਹੜ੍ਹ ਦਾ ਪਾਣੀ।
Advertisement

ਮੋਹਲੇਧਾਰ ਮੀਂਹ ਨੇ ਵਧਾਈ ਮੁਸ਼ਕਲ; ਕਈ ਪਿੰਡਾਂ ਦੇ ਸੰਪਰਕ ਟੁੱਟੇ; ਪਠਾਨਕੋਟ, ਹੁਸ਼ਿਆਰਪੁਰ, ਫਾਜ਼ਿਲਕਾ ਅਤੇ ਅੰਮ੍ਰਿਤਸਰ ਜ਼ਿਲ੍ਹੇ ’ਚ ਵਿਦਿਅਕ ਅਦਾਰੇ ਬੰਦ

ਪਹਾੜੀ ਇਲਾਕਿਆਂ ਵਿੱਚ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਅਤੇ ਪੰਜਾਬ ਵਿੱਚ ਪਿਛਲੇ 36 ਘੰਟਿਆਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਹੋ ਗਈ ਹੈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਜਿਸ ਕਾਰਨ ਪ੍ਰਸ਼ਾਸਨ ਨੇ ਡੈਮ ਦੇ ਸੱਤ ਫਲੱਡ ਗੇਟ ਖੋਲ੍ਹ ਦਿੱਤੇ। ਮਾਧੋਪੁਰ ਹੈੱਡ ਵਰਕਸ ਰਾਹੀਂ ਰਾਵੀ ਦਰਿਆ ਵਿੱਚ 71 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪੌਂਗ ਅਤੇ ਭਾਖੜਾ ਡੈਮਾਂ ’ਚ ਵੀ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਦਾ ਜਾ ਰਿਹਾ ਹੈ। ਕਈ ਦਰਿਆਵਾਂ, ਨਾਲਿਆਂ ਅਤੇ ਖੱਡਾਂ ’ਚ ਪਾਣੀ ਚੜ੍ਹਨ ਕਾਰਨ ਪਿੰਡਾਂ ’ਚ ਘਰਾਂ ਅਤੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਰਾਵੀ ਅਤੇ ਬਿਆਸ ਦਰਿਆਵਾਂ ਦੇ ਕੰਢੇ ਵਸੇ ਦਰਜਨਾਂ ਪਿੰਡਾਂ ਦਾ ਆਪਸ ਵਿੱਚ ਸੰਪਰਕ ਟੁੱਟ ਗਿਆ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਦੋ ਦਰਜਨ ਤੋਂ ਵੱਧ ਪਿੰਡਾਂ ’ਚ ਬਜ਼ੁਰਗਾਂ ਅਤੇ ਔਰਤਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਪਠਾਨਕੋਟ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ 26 ਅਗਸਤ, ਹੁਸ਼ਿਆਰਪੁਰ ਤੇ ਫਾਜ਼ਿਲਕਾ ’ਚ 26 ਅਤੇ 27 ਅਗਸਤ ਤੇ ਅਜਨਾਲਾ ਦੇ ਬਲਾਕ ਦੋ ਅਤੇ ਰਈਆ ਦੇ ਬਲਾਕ ਇੱਕ ’ਚ ਭਲਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸੂਬੇ ਦੇ ਦਰਿਆਵਾਂ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਪਠਾਨਕੋਟ, ਤਰਨ ਤਾਰਨ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਕਪੂਰਥਲਾ, ਅੰਮ੍ਰਿਤਸਰ ਆਦਿ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਸਰਹੱਦੀ ਜ਼ਿਲ੍ਹਿਆਂ ਵਿੱਚ ਹੜ੍ਹਾਂ ਦਾ ਸੰਕਟ ਵਧਦਾ ਦੇਖ ਕੇ ਚੌਕਸੀ ਵਧਾ ਦਿੱਤੀ ਗਈ ਹੈ। ਕਈ ਸਰਹੱਦੀ ਜ਼ਿਲ੍ਹਿਆਂ ’ਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਅਤੇ ਪਿੰਡ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਵੇਰਵਿਆਂ ਅਨੁਸਾਰ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਧੁੱਸੀ ਬੰਨ੍ਹ ਨੇੜੇ ਸਥਿਤ ਪਿੰਡ ਮੌਜਪੁਰ, ਕਠਾਣਾ, ਬੁੱਢਾ ਬਾਲਾ, ਫੁੱਲੜਾ, ਨੂਨ, ਫੱਤੂ ਬਰਕਤ ਆਦਿ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਲੱਖਾਂ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਰਣਜੀਤ ਸਾਗਰ ਡੈਮ ਵਿੱਚ ਅੱਜ ਸ਼ਾਮ ਪਾਣੀ ਦਾ ਪੱਧਰ 526.89 ਮੀਟਰ ’ਤੇ ਪਹੁੰਚ ਗਿਆ ਜਦੋਂ ਕਿ ਖ਼ਤਰੇ ਦਾ ਨਿਸ਼ਾਨ 527.91 ਮੀਟਰ ’ਤੇ ਹੈ। ਡੈਮ ਵਿੱਚ 72,872 ਕਿਊਸਕ ਪਾਣੀ ਦੀ ਆਮਦ ਹੋ ਰਹੀ ਹੈ ਅਤੇ 83,472 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1386 ਫੁੱਟ ’ਤੇ ਪਹੁੰਚ ਗਿਆ ਹੈ ਜਦਕਿ ਖ਼ਤਰੇ ਦਾ ਨਿਸ਼ਾਨ 1390 ਫੁੱਟ ’ਤੇ ਹੈ। ਪੌਂਗ ਡੈਮ ਵਿੱਚ 1.96 ਲੱਖ ਕਿਊਸਕ ਪਾਣੀ ਦੀ ਆਮਦ ਹੋ ਰਹੀ ਹੈ ਅਤੇ 61,972 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1688.58 ਫੁੱਟ ’ਤੇ ਪਹੁੰਚ ਗਿਆ ਹੈ ਜੋ ਖ਼ਤਰੇ ਦੇ ਨਿਸ਼ਾਨ 1690 ਫੁੱਟ ਦੇ ਐਨ ਨੇੜੇ ਹੈ। ਭਾਖੜਾ ਡੈਮ ਵਿੱਚ 72,787 ਕਿਊਸਕ ਪਾਣੀ ਦੀ ਆਮਦ ਹੋ ਰਹੀ ਹੈ ਅਤੇ 44,784 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ।

ਅਗਲੇ 48 ਘੰਟੇ ਹੋਰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ

ਪੰਜਾਬ ਵਿੱਚ ਹੜ੍ਹਾਂ ਦਾ ਖ਼ਤਰਾ ਹਾਲੇ ਘਟਦਾ ਦਿਖਾਈ ਨਹੀਂ ਦੇ ਰਿਹਾ ਹੈ। ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਅਗਲੇ 48 ਘੰਟੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਨੇ ਭਲਕੇ ਲਈ ਔਰੇਂਜ ਅਤੇ 27 ਅਗਸਤ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ 29 ਅਤੇ 30 ਅਗਸਤ ਨੂੰ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

Advertisement

ਜਲੰਧਰ ’ਚ ਹੜ੍ਹ ਕੰਟਰੋਲ ਰੂਮ ਸਥਾਪਤ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿੱਚ ਹੜ੍ਹਾਂ ਕਾਰਨ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਤੁਰੰਤ ਰਾਹਤ ਪਹੁੰਚਾਉਣ ਲਈ ਜਲੰਧਰ ਦੇ ਸਰਕਟ ਹਾਊਸ ’ਚ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਹੈ। ਇਹ ਕੰਟਰੋਲ ਰੂਮ 24 ਘੰਟੇ ਕੰਮ ਕਰੇਗਾ। ਸਰਕਾਰ ਵਲੋਂ ਇੱਕ ਐਮਰਜੈਂਸੀ ਨੰਬਰ 0181-2240064 ਵੀ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਕੰਟਰੋਲ ਰੂਮ ਦਾ ਇੰਚਾਰਜ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਲਗਾਇਆ ਹੈ। ਉਨ੍ਹਾਂ ਦੇ ਸਹਿਯੋਗ ਲਈ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਕੰਟਰੋਲ ਰੂਮ ਤਿੰਨ ਜ਼ਿਲ੍ਹਿਆਂ ਕਪੂਰਥਲਾ, ਤਰਨ ਤਾਰਨ ਅਤੇ ਫਾਜ਼ਿਲਕਾ ’ਤੇ ਵਿਸ਼ੇਸ਼ ਨਿਗਰਾਨੀ ਰੱਖੇਗਾ। ਸੂਬੇ ’ਚ ਹੜ੍ਹ ਪ੍ਰਬੰਧਨ ਦੀ ਨਿਗਰਾਨੀ ਲਈ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਗੁਰਮੀਤ ਸਿੰਘ ਖੁੱਡੀਆਂ ਅਤੇ ਬਰਿੰਦਰ ਕੁਮਾਰ ਗੋਇਲ ਨੂੰ ਤਾਇਨਾਤ ਕੀਤਾ ਗਿਆ ਹੈ। ਕਪੂਰਥਲਾ ਵਿੱਚ ਨਿਗਰਾਨੀ ਲਈ ਕੈਬਨਿਟ ਮੰਤਰੀ ਮੋਹਿੰਦਰ ਭਗਤ ਤੇ ਹਰਦੀਪ ਸਿੰਘ ਮੁੰਡੀਆਂ, ਤਰਨ ਤਾਰਨ ’ਚ ਲਾਲਜੀਤ ਸਿੰਘ ਭੁੱਲਰ ਤੇ ਹਰਭਜਨ ਸਿੰਘ ਈਟੀਓ ਅਤੇ ਫਾਜ਼ਿਲਕਾ ’ਚ ਡਾ. ਬਲਜੀਤ ਕੌਰ ਤੇ ਤਰੁਨਪ੍ਰੀਤ ਸਿੰਘ ਸੌਂਦ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।

 

Advertisement