ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ 1989 ’ਚ ਸਿਰਜਿਆ ਸੀ ਇਤਿਹਾਸ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਅਪਰੈਲ
ਪੰਜਾਬ ਵਿੱਚ 1989 ਦੀ ਲੋਕ ਸਭਾ ਚੋਣ ਅਜਿਹੀ ਇਤਿਹਾਸਕ ਸੀ ਜਿਸ ਵਿਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਅਕਾਲੀ ਦਲ (ਮਾਨ) ਨੇ ਪੰਜਾਬ ਵਿੱਚ 7 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਇਸ ਚੋਣ ਵਿਚ ਪੰਜਾਬੀਆਂ ਨੇ ਬਦਲਾਅ ਦੇ ਨਾਮ ’ਤੇ ਵੋਟਾਂ ਪਾਈਆਂ ਸਨ।
ਸਾਲ 1989 ਦੌਰਾਨ ਜਨਤਾ ਦਲ ਵੱਲੋਂ ਆਈਕੇ ਗੁਜਰਾਲ ਨੇ ਜਲੰਧਰ ਤੋਂ ਜਿੱਤ ਹਾਸਲ ਕੀਤੀ ਸੀ। ਬਹੁਜਨ ਸਮਾਜ ਪਾਰਟੀ ਦੇ ਹਰਭਜਨ ਲਾਖਾ ਨੇ ਫਿਲੌਰ ਤੋਂ ਮੋਰਚਾ ਸਰ ਕੀਤਾ ਸੀ। ਪਟਿਆਲਾ ਤੋਂ ਤਿਹਾੜ ਜੇਲ੍ਹ ਵਿੱਚੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਅਤਿੰਦਰਪਾਲ ਸਿੰਘ ਜੇਤੂ ਰਹੇ ਸਨ, ਜਿਨ੍ਹਾਂ ਨੇ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਵੱਲੋਂ ਲੜੇ ਕਿਰਪਾਲ ਸਿੰਘ ਬਡੂੰਗਰ, ਅਕਾਲੀ ਦਲ ਬਾਦਲ ਦੇ ਬਲਵੰਤ ਸਿੰਘ ਰਾਮੂਵਾਲੀਆ ਅਤੇ ਅਕਾਲੀ ਦਲ (ਮਾਨ) ਦੇ ਚਰਨਜੀਤ ਸਿੰਘ ਵਾਲੀਆ ਨੂੰ ਜੇਲ੍ਹ ਵਿੱਚ ਬੈਠਿਆਂ ਮਾਤ ਦਿੱਤੀ ਸੀ। ਅੰਮ੍ਰਿਤਸਰ ਤੋਂ ਆਜ਼ਾਦ ਚੋਣ ਲੜੇ ਚੀਫ਼ ਖ਼ਾਲਸਾ ਦੀਵਾਨ ਦੇ ਮੁਖੀ ਕਿਰਪਾਲ ਸਿੰਘ ਨੇ ਗੁਰੂ ਕੀ ਨਗਰੀ ਦੇ ਐਮਪੀ ਹੋਣ ਦਾ ਮਾਣ ਹਾਸਲ ਕੀਤਾ ਸੀ। ਗੁਰਦਾਸਪੁਰ ਤੋਂ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਨੇ ਜਿੱਤੇ ਸਨ, ਜਦੋਂਕਿ ਤਰਨ ਤਾਰਨ ਤੋਂ ਸਿਮਰਨਜੀਤ ਸਿੰਘ ਮਾਨ ਨੇ ਪੰਜ ਲੱਖ ਤੋਂ ਵੱਧ ਵੋਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ ਸੀ। ਉਸ ਵੇਲੇ ਉਹ ਵੀ ਜੇਲ੍ਹ ਵਿੱਚ ਸਨ। ਇਸ ਜਿੱਤ ਨਾਲ ਉਹ ਪੰਜਾਬ ਵਿੱਚੋਂ ਪਹਿਲੇ ਨੰਬਰ ’ਤੇ ਆਏ ਸਨ। ਹੁਸ਼ਿਆਰਪੁਰ ਤੋਂ ਕਾਂਗਰਸ ਦੇ ਕਮਲ ਚੌਧਰੀ ਜਿੱਤੇ ਸਨ। ਰੋਪੜ ਤੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਤਲ ਕਾਂਡ ਵਿੱਚ ਰੋਲ ਨਿਭਾਉਣ ਵਾਲੇ ਬੇਅੰਤ ਸਿੰਘ ਦੀ ਪਤਨੀ ਬਿਮਲ ਕੌਰ ਖ਼ਾਲਸਾ ਨੇ ਮਾਨ ਦਲ ਵੱਲੋਂ ਜਿੱਤ ਹਾਸਲ ਕੀਤੀ ਸੀ। ਲੁਧਿਆਣਾ ਤੋਂ ਮਾਨ ਦਲ ਦੀ ਰਾਜਿੰਦਰ ਕੌਰ ਬੁਲਾਰਾ ਜਿੱਤੇ ਸਨ। ਸੰਗਰੂਰ ਤੋਂ ਇਸੇ ਦਲ ਦੇ ਰਾਜਦੇਵ ਸਿੰਘ ਜੇਤੂ ਰਹੇ ਸਨ। ਬਠਿੰਡਾ ਤੋਂ ਮਾਨ ਦਲ ਦੇ ਉਮੀਦਵਾਰ ਤੇ ਬੇਅੰਤ ਸਿੰਘ ਦੇ ਪਿਤਾ ਸੁੱਚਾ ਸਿੰਘ ਮਲੋਆ ਨੇ ਜਿੱਤ ਹਾਸਲ ਕੀਤੀ ਸੀ। ਇਸੇ ਤਰ੍ਹਾਂ ਫ਼ਰੀਦਕੋਟ ਤੋਂ ਮਾਨ ਦਲ ਵੱਲੋਂ ਜਗਦੇਵ ਸਿੰਘ ਜੇਤੂ ਰਹੇ ਸਨ। ਫ਼ਿਰੋਜ਼ਪੁਰ ਸੀਟ ਤੋਂ ਮਾਨ ਦਲ ਵੱਲੋਂ ਧਿਆਨ ਸਿੰਘ ਮੰਡ ਜਿੱਤੇ ਸਨ। ਇਸ ਬਾਰੇ ਅਤਿੰਦਰਪਾਲ ਸਿੰਘ ਕਹਿੰਦੇ ਹਨ 1989 ਦੀ ਚੋਣ ਇਸ ਕਰਕੇ ਇਤਿਹਾਸਕ ਹੋ ਗਈ ਸੀ ਕਿਉਂਕਿ ਲੋਕਾਂ ਨੇ ਬਦਲਾਅ ਦੇ ਨਾਮ ’ਤੇ ਵੋਟਾਂ ਪਾਈਆਂ ਸਨ। ਉਸ ਮਗਰੋਂ ਕੋਈ ਵੱਡਾ ਬਦਲਾਅ ਨਹੀਂ ਹੋਇਆ।