ਸਿੱਕਮ: ਢਿੱਗਾਂ ਡਿੱਗਣ ਕਾਰਨ ਫ਼ੌਜ ਦੇ ਤਿੰਨ ਜਵਾਨਾਂ ਦੀ ਮੌਤ
ਅਜੈ ਬੈਨਰਜੀ
ਨਵੀਂ ਦਿੱਲੀ, 2 ਜੂਨ
ਉੱਤਰੀ ਸਿੱਕਮ ਦੇ ਛਾਤੇਨ ਵਿੱਚ ਬੀਤੀ ਰਾਤ ਆਰਮੀ ਸਟੇਸ਼ਨ ਨੇੜੇ ਸਰਕਾਰੀ ਰਿਹਾਇਸ਼ੀ ਖੇਤਰ ਢਿੱਗਾਂ ਡਿੱਗਣ ਕਰਕੇ ਨੁਕਸਾਨੇ ਜਾਣ ਕਾਰਨ ਫ਼ੌਜ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਅਫਸਰ, ਉਸ ਦੀ ਪਤਨੀ ਤੇ ਧੀ ਸਮੇਤ ਛੇ ਹੋਰ ਵਿਅਕਤੀ ਲਾਪਤਾ ਹਨ। ਫ਼ੌਜ ਵੱਲੋਂ ਜਾਰੀ ਬਿਆਨ ਅਨੁਸਾਰ ਹਵਲਦਾਰ ਲਖਵਿੰਦਰ ਸਿੰਘ, ਲਾਂਸ ਨਾਇਕ ਮਨੀਸ਼ ਠਾਕੁਰ ਅਤੇ ਪੋਰਟਰ ਅਭਿਸ਼ੇਕ ਲਖਾੜਾ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਠਾਕੁਰ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਸ਼ਾਮ 7 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਦੌਰਾਨ ਚਾਰ ਜਵਾਨ ਜ਼ਖ਼ਮੀ ਵੀ ਹੋਏ ਹਨ। ਸੂਤਰਾਂ ਅਨੁਸਾਰ ਲਾਪਤਾ ਵਿਅਕਤੀਆਂ ਵਿੱਚ ਲੈਫਟੀਨੈਂਟ ਕਰਨਲ ਪ੍ਰਿਤਪਾਲ ਸੰਧੂ, ਉਨ੍ਹਾਂ ਦੀ ਪਤਨੀ ਸਕੁਐਡਰਨ ਲੀਡਰ ਆਰਤੀ ਬੀ. ਸੰਧੂ (ਸੇਵਾਮੁਕਤ) ਅਤੇ ਉਨ੍ਹਾਂ ਦੀ ਧੀ ਅਮਾਇਰਾ ਸੰਧੂ ਦੇ ਨਾਲ-ਨਾਲ ਸੂਬੇਦਾਰ ਧਰਮਵੀਰ, ਸਿਪਾਹੀ ਸੈਨੂਧੀਨ ਪੀਕੇ ਅਤੇ ਸਿਪਾਹੀ ਸੁਨੀਲਾਲ ਐੱਮ ਸ਼ਾਮਲ ਹਨ। ਸਿੱਕਮ ਵਿੱਚ ਬਚਾਅ ਟੀਮਾਂ ਛੇ ਵਿਅਕਤੀਆਂ ਨੂੰ ਲੱਭਣ ਅਤੇ ਬਚਾਉਣ ਲਈ ਚੁਣੌਤੀਪੂਰਨ ਹਾਲਾਤ ਵਿੱਚ ਦਿਨ-ਰਾਤ ਕੰਮ ਕਰ ਰਹੀਆਂ ਹਨ।
ਫ਼ੌਜ ਦੀ 33ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਜ਼ੂਬਿਨ ਮੀਨਾਵਾਲਾ ਨੇ ਅੱਜ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਘਟਨਾ ਸਥਾਨ ਦਾ ਦੌਰਾ ਕੀਤਾ। 33ਵੀਂ ਕੋਰ ਨੇ ਇਸ ਬਾਰੇ ਸੋਸ਼ਲ ਮੀਡੀਆ ’ਤੇ ਕਿਹਾ, ‘ਘਟਨਾ ਤੋਂ ਤੁਰੰਤ ਬਾਅਦ ਭਾਰਤੀ ਫ਼ੌਜ ਨੇ ਬਚਾਅ ਕਾਰਜ ਸ਼ੁਰੂ ਕੀਤੇ। ਕਈ ਚੁਣੌਤੀਆਂ ਦੇ ਬਾਵਜੂਦ ਜਵਾਨ ਡਟੇ ਹੋਏ ਹਨ।’ ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਪੀੜਤ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਨੇ ਕਿਹਾ 31 ਮਈ ਦੀ ਰਾਤ ਨੂੰ ਉੱਤਰੀ ਸਿੱਕਮ ਵਿੱਚ ਲਗਾਤਾਰ ਮੀਂਹ ਅਤੇ ਬੱਦਲ ਫਟਣ ਕਾਰਨ ਕਈ ਸੜਕਾਂ ਅਤੇ ਪੁਲਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ।