ਮਨਦੀਪ ਸਿੰਘ ਦੀ ਹਾਰ ਨਾਲ ਵੋਟਰਾਂ ਦੇ ਰੁਝਾਨ ’ਚ ਤਬਦੀਲੀ ਦੇ ਸੰਕੇਤ
ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ‘ਵਾਰਿਸ ਪੰਜਾਬ ਦੇ’ ਸਮੇਤ ਹੋਰ ਸਿੱਖ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਦੀ ਹਾਰ ਨੂੰ ਕਈ ਪੱਖਾਂ ਤੋਂ ਦੇਖਿਆ ਜਾ ਰਿਹਾ ਹੈ, ਜਿਸ ਵਿੱਚ ਹਲਕੇ ਦੇ ਵੋਟਰਾਂ ਦੇ ਰੁਝਾਨ ’ਚ ਤਬਦੀਲੀ ਹੋਣ ਨੂੰ ਪ੍ਰਮੁੱਖ ਸਮਝਿਆ ਜਾ ਰਿਹਾ ਹੈ| ਇਹ ਇਲਾਕਾ ਉਹ ਹੀ ਹੈ, ਜਿਸ ਦੇ ਵੋਟਰਾਂ ਨੇ ਇਕ ਵਾਰ ਭਾਗਲਪੁਰ ਜੇਲ੍ਹ ਵਿੱਚ ਬੰਦ ਸਿਮਰਨਜੀਤ ਸਿੰਘ ਮਾਨ ਨੂੰ ਨਾ ਸਿਰਫ਼ ਸ਼ਾਨ ਨਾਲ ਜਿਤਾਇਆ, ਬਲਕਿ ਚੋਣ ਵਿੱਚ ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਮਾਨ ਨੂੰ ਚੋਣ ਫੰਡ ਦੇ ਨਾਂ ’ਤੇ ਪੈਸਿਆਂ ਨਾਲ ਮਾਲਾ ਮਾਲ ਕਰ ਦਿੱਤਾ ਸੀ| ਇਹੀ ਵਰਤਾਰਾ ਲੋਕ ਸਭਾ ਦੀ ਪਿਛਲੇ ਸਾਲ (2024) ਖਡੂਰ ਸਾਹਿਬ (ਤਰਨ ਤਾਰਨ) ਤੋਂ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੀ ਚੋਣ ਵੇਲੇ ਹੋਇਆ| ਉਹ ਇਸ ਚੋਣ ਵਿੱਚ ਤਰਨ ਤਾਰਨ ਦੇ ਵਿਧਾਨ ਸਭਾ ਹਲਕੇ ਤੋਂ 24 ਹਜ਼ਾਰ ਵੋਟਾਂ ਦੇ ਫਰਕ ਨਾਲ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ ਪਛਾੜ ਗਿਆ ਸੀ| ਇਸ ਦੇ ਮੁਕਾਬਲੇ ਮਨਦੀਪ ਸਿੰਘ ਨੂੰ ਸਿਰਫ਼ 19580 ਵੋਟਾਂ ਹੀ ਮਿਲੀਆਂ ਹਨ ਅਤੇ ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਉਮੀਦਵਾਰ ਤੋਂ ਵੀ ਪਿੱਛੇ ਰਿਹਾ ਹੈ| ਚੋਣ ਦੌਰਾਨ ਰਾਜਸੀ ਹਲਕਿਆਂ ਵਲੋਂ ਮਨਦੀਪ ਸਿੰਘ ਨੂੰ ਮੁਕਾਬਲੇ ਵਿੱਚ ਮੁੱਖ ਉਮੀਦਵਾਰ ਸਮਝਿਆ ਜਾ ਰਿਹਾ ਸੀ| ਮਨਦੀਪ ਸਿੰਘ ਨੂੰ ਜਿਥੇ ਹੋਰ ਗਰਮ ਖਿਆਲੀ ਸਿੱਖ ਜਥੇਬੰਦੀਆਂ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਉਥੇ ਉਸ ਦੀ ਹਮਾਇਤ ਵਿੱਚ ‘ਵਾਰਿਸ ਪੰਜਾਬ ਦੇ’ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਨਾਂ ’ਤੇ ਇਲਾਕੇ ਅੰਦਰ ਰਾਜਸੀ ਸਰਗਰਮੀਆਂ ਕਰਦੇ ਉਸ ਦੇ ਪਿਤਾ ਤਰਸੇਮ ਸਿੰਘ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਅਕਾਲੀ ਦਲ ਅੰਮ੍ਰਿਤਸਰ ਨੇ ਉਸ ਨੂੰ ਆਪਣਾ ਉਮੀਦਵਾਰ ਹੋਣ ਦਾ ਐਲਾਨ ਵੀ ਕੀਤਾ ਸੀ| ਅਕਾਲੀ ਦਲ (ਪੁਨਰ ਸੁਰਜੀਤ) ਨੇ ਆਪਣਾ ਚੋਣ ਦਫਤਰ ਵੱਖਰੇ ਤੌਰ ’ਤੇ ਖੋਲ੍ਹ ਲਿਆ ਸੀ| ਚੋਣ ਪ੍ਰਚਾਰ ਦੌਰਾਨ ਗਰਮ ਖਿਆਲੀ ਜਥੇਬੰਦੀਆਂ ਵਿੱਚ ਮਤਭੇਦ ਹੋਣ ਦੀਆਂ ਖ਼ਬਰਾਂ ਨੂੰ ਸ਼ਾਂਤ ਕਰਦਿਆਂ ਮਨਦੀਪ ਸਿੰਘ ਨੇ ਕਿਹਾ ਸੀ ਕਿ ‘ਘਰ ਵਿੱਚ ਭਾਂਡੇ ਵੀ ਖੜਕ’ ਜਾਂਦੇ ਹਨ| ਹੋਰ ਤਾਂ ਹੋਰ ਚੋਣ ਪ੍ਰਚਾਰ ਖ਼ਤਮ ਹੋਣ ਵਾਲੇ ਦਿਨ ਮਨਦੀਪ ਸਿੰਘ ਅਤੇ ਅਕਾਲੀ ਦਲ (ਪੁਨਰ ਸੁਰਜੀਤ) ਵਾਲਿਆਂ ਨੇ ਵੱਖੋ ਵੱਖਰੇ ਤੌਰ ’ਤੇ ਰੋਡ ਸ਼ੋਅ ਕੀਤੇ| ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਵੋਟਰ ਦੇ ਦਿਲ ਵਿੱਚ ‘ਵਾਰਿਸ ਪੰਜਾਬ ਦੇ’ ਉਮੀਦਵਾਰ ਦੀਆਂ ਹਮਾਇਤੀ ਧਿਰਾਂ ਵਿੱਚ ਮਤਭੇਦ ਹੋਣ ਨੂੰ ਵੀ ਭਾਂਪ ਲਿਆ ਸੀ| ਤਰਨ ਤਾਰਨ ਦੇ ਰਾਜਸੀ ਮਾਹਿਰ ਜਸਬੀਰ ਸਿੰਘ ਠੇਕੇਦਾਰ ਨੇ ਕਿਹਾ ਕਿ ਇਲਾਕੇ ਦਾ ਵੋਟਰ ਗਰਮ ਖਿਆਲੀ ਵਿਚਾਰਾਂ ਤੋਂ ਖੁਦ ਨੂੰ ਵੱਖ ਕਰਨ ਨੂੰ ਹੋ ਤੁਰਿਆ ਹੈ| ਮਨਦੀਪ ਸਿੰਘ ਨੂੰ 30 ਸਾਲ ਤੱਕ ਦੀ ਉਮਰ ਵਾਲੇ ਵੋਟਰ ਨੇ ਵੋਟ ਦੇਣ ਨੂੰ ਪਹਿਲ ਦਿੱਤੀ ਹੈ| ਮਨਦੀਪ ਸਿੰਘ ਨੇ ਕਿਹਾ ਕਿ ਉਹ ਇਸ ਸਭ ਕੁਝ ਦੇ ਬਾਵਜੂਦ ਵੀ 2027 ਨੂੰ ਆ ਰਹੀ ਵਿਧਾਨ ਸਭਾ ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ|
