Sidhu Moose Wala: ਪੁੱਤ ਦੇ ਇਨਸਾਫ ਲਈ ਲੜਾਂਗਾ ਹਰ ਲੜਾਈ, ਸਰਕਾਰਾਂ ਤੋਂ ਇਨਸਾਫ ਦੀ ਆਸ ਮੁੱਕੀ: ਬਲਕੌਰ ਸਿੰਘ
ਸਿੱਧੂ ਮੂਸੇਵਾਲਾ ਦੀ ਤੀਸਰੀ ਬਰਸੀ ਤੇ ਬੋਲੇ ਪਿਤਾ; ਸਿਸਟਮ ’ਤੇ ਲਾਇਆ ਪੁੱਤ ਨੂੰ ਇਨਸਾਫ਼ ਨਾ ਦੇਣ ਦਾ ਦੋਸ਼
ਜੋਗਿੰਦਰ ਸਿੰਘ ਮਾਨ
ਮਾਨਸਾ, 29 ਮਈ
Sidhu Moose Wala Death Anniversary: ‘‘ਸਿੱਧੂ ਮੂਸੇਵਾਲਾ ਨੂੰ ਸਰਕਾਰਾਂ ਇਨਸਾਫ ਨਹੀਂ ਦੇ ਸਕੀਆਂ। ਅਸੀਂ ਸਿਸਟਮ ਦਾ ਹਿੱਸਾ ਵੀ ਬਣੇ। ਦੇਸ਼ ਦੇ ਗ੍ਰਹਿ ਮੰਤਰੀ ਕੋਲ ਵੀ ਜਾ ਕੇ ਗਿੜਗਿੜਾਏ, ਪੰਜਾਬ ਵਿਧਾਨ ਸਭਾ ਦੇ ਬਾਹਰ ਵੀ ਧਰਨੇ ’ਤੇ ਬੈਠੇ ਪਰ ਲੀਡਰਾਂ ਨੇ ਮੇਰੇ ਪੁੱਤ ਦੀਆਂ ਅਸਥੀਆਂ ਨੂੰ ਸਿਸਟਮ ਦਾ ਹਿੱਸਾ ਬਣਾਇਆ।’’ ਇਹ ਗੱਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਉਸ ਦੀ ਤੀਸਰੀ ਬਰਸੀ ਮੌਕੇ ਪਿੰਡ ਮੂਸਾ ਵਿਖੇ ਭਰੇ ਮਨ ਨਾਲ ਕਹੀ।
ਉਨ੍ਹਾਂ ਬਹੁਤ ਹੀ ਭਾਵੁਕ ਮਾਹੌਲ ਵਿਚ ਬੋਲਦਿਆਂ ਕਿਹਾ, ‘‘ਹੁਣ ਅਸੀਂ ਮਜਬੂਰ ਹੋ ਗਏ ਹਾਂ ਕਿ ਅਸੀਂ ਖੁਦ ਇਹ ਲੜਾਈ ਲੜੀਏ ਅਤੇ ਰਾਜਨੀਤੀ ਵਿਚ ਆ ਕੇ ਪੰਜਾਬ ਵਿਧਾਨ ਸਭਾ ਅੰਦਰ ਇਹ ਅਵਾਜ਼ ਚੁੱਕੀਏ। ਉਂਝ ਸਾਡਾ ਰਾਜਨੀਤੀ ਨਾਲ ਕੋਈ ਸ਼ੌਕ ਵਾਸਤਾ ਨਹੀਂ ਹੈ। ਹੁਣ ਦੱਸੋ ਕੀ ਮੈਂ ਆਪਣੇ ਪੁੱਤ ਨੂੰ ਇਨਸਾਫ ਵੀ ਨਾ ਦਿਵਾਵਾਂ।’’
ਉਨ੍ਹਾਂ ਕਿਹਾ ਕਿ ਇਹ ਜੱਗ ਜ਼ਾਹਿਰ ਹੈ ਅਤੇ ਸਰਕਾਰਾਂ ਵੀ ਸਮਝਦੀਆਂ ਹਨ ਕਿ ਸਿੱਧੂ ਮੂਸੇਵਾਲਾ ਨੂੰ ਸਾਜ਼ਿਸ਼ ਤਹਿਤ ਭਾੜੇ ਦੇ ਬੰਦਿਆਂ ਤੋਂ ਕਤਲ ਕਰਵਾਇਆ ਗਿਆ। ਉਨ੍ਹਾਂ ਪੁੱਛਿਆ, ‘‘ਉਨ੍ਹਾਂ ਬੰਦਿਆਂ ਨੂੰ ਫੜ ਕੇ ਜੇਲ੍ਹ ’ਚ ਡੱਕਣ ਨਾਲ ਕੀ ਅਸਲੀ ਕਾਤਲ ਫੜੇ ਗਏ, ਤਾਂ ਦੱਸੋ ਮੇਰੇ ਪੁੱਤ ਨੂੰ ਇਨਸਾਫ ਕਦੋਂ ਤੇ ਕਿੱਥੇ ਮਿਲੇਗਾ।’’
ਬਲਕੌਰ ਸਿੰਘ ਨੇ ਕਿਹਾ ਕਿ ਪੁੱਤ ਦੇ ਕਤਲ ਨੂੰ ਲੈ ਕੇ ਇਨਸਾਫ ਖਾਤਿਰ ਕੀ ਕੇਂਦਰ, ਕੀ ਸੂਬਾ ਸਰਕਾਰ, ਉਹ ਕਿੱਥੇ ਨਹੀਂ ਗਏ, ਪਰ ਸਰਕਾਰਾਂ ਸਮੇਤ ਸਾਰਾ ਸਿਸਟਮ ਮਿਲਿਆ ਜੁਲਿਆ ਹੋਣ ਕਰਕੇ ਅੱਜ ਤੱਕ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ, ‘‘ਭਗਵੰਤ ਮਾਨ ਮੁੱਖ ਮੰਤਰੀ ਬਣੇ ਤਾਂ ਮੈਨੂੰ ਲੱਗਿਆ, ਉਨ੍ਹਾਂ ਦਾ ਪਿਛੋਕੜ ਕਲਾਕਾਰੀ ਵਾਲਾ ਰਿਹਾ ਹੈ, ਇਸ ਕਰਕੇ ਇਕ ਕਲਾਕਾਰ ਨੂੰ ਇਨਸਾਫ ਜ਼ਰੂਰ ਦਿਵਾਉਣਗੇ, ਪਰ ਭਗਵੰਤ ਮਾਨ ਨੇ ਸਾਰੇ ਕੇਸ ਨੂੰ ਅੱਖੋਂ ਪਰੋਖੇ ਕੀਤਾ।’’
ਉਨ੍ਹਾਂ ਕਿਹਾ, ‘‘ਸਾਨੂੰ ਹੁਣ ਆਪਣੀ ਲੜਾਈ ਆਪ ਲੜਨੀ ਪਵੇਗੀ।’’ ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਮਾਤਾ ਚਰਨ ਕੌਰ ਛੋਟੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਪੁੱਜੇ ਅਤੇ ਭਾਵੁਕ ਨਜ਼ਰ ਆਏ। ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਦਾ ਕੋਈ ਸ਼ੌਕ ਨਹੀਂ, ਪਰ ਪੁੱਤ ਦੇ ਕਤਲ ਦੇ ਇਨਸਾਫ ਲਈ ਰਾਜਨੀਤੀ ਵਿਚ ਆਉਣਾ ਜ਼ਰੂਰੀ ਹੈ। ਜਦੋਂ ਹੁਣ ਕੋਈ ਗੱਲ ਨਾ ਸੁਣੇ, ਇਨਸਾਫ ਮਿਲਣ ਦੀਆਂ ਸਾਰੀਆਂ ਉਮੀਦਾਂ ਮੱਧਮ ਪੈ ਜਾਣ ਤਾਂ ਇਹ ਫੈਸਲਾ ਲੈਣਾ ਸਾਡੀ ਮਜਬੂਰੀ ਬਣ ਗਈ ਹੈ।
ਇਸ ਮੌਕੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਸੀਨੀਅਰ ਆਗੂ ਜੀਤ ਮਹਿੰਦਰ ਸਿੰਘ ਸਿੱਧੂ, ਗਾਇਕਾ ਜਸਵਿੰਦਰ ਬਰਾੜ, ਬਲਕਾਰ ਅਣਖੀਲਾ, ਗੁਲਾਬ ਸਿੱਧੂ, ਜ਼ਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫਰ ਆਦਿ ਵੀ ਹਾਜ਼ਰ ਸਨ।