ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੌਂਕੀ ਫ਼ਿਰੋਜ਼ਪੁਰੀਏ... ਡੱਬ ’ਚ ਅਸਲਾ, ਦੱਸ ਕੀ ਮਸਲਾ

ਸਰਹੱਦੀ ਜ਼ਿਲ੍ਹੇ ’ਤੇ ਭਾਰੀ ਪੈ ਰਿਹਾ ਹਥਿਆਰ ਰੱਖਣ ਦਾ ਸ਼ੌਕ; 25,000 ਲਾਇਸੈਂਸ ਧਾਰਕ ਹੋਣ ਕਾਰਨ ਹਿੰਸਕ ਘਟਨਾਵਾਂ ’ਚ ਵਾਧਾ
Advertisement

ਲਾਇਸੈਂਸੀ ਅਸਲਾ ਹੁਣ ਸੂਬੇ ਦੇ ਲੋਕਾਂ ’ਤੇ ਭਾਰੂ ਪੈਂਦਾ ਦਿਖਾਈ ਦੇ ਰਿਹਾ ਹੈ। ਇਕੱਲੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਹੀ ਵੱਡੀ ਗਿਣਤੀ ਲਾਈਸੈਂਸੀ ਅਸਲਾ ਹੋਣ ਕਾਰਨ ਹਿੰਸਕ ਘਟਨਾਵਾਂ ਵਿਚ ਵਾਧਾ ਹੋਇਆ ਹੈ।

ਇਸ ਜ਼ਿਲ੍ਹੇ ਦੇ ਪਿੰਡ ਆਕੂ ਮਸਤੇ ਵਾਲਾ ਵਿਖੇ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਤਾਜ਼ਾ ਤਕਰਾਰ ਨੇ ਹਿੰਸਕ ਰੂਪ ਲੈ ਲਿਆ ਅਤੇ ਸੁਖਦੇਵ ਸਿੰਘ ਨੇ ਖੇਤਾਂ ਵਿੱਚ ਕੰਮ ਕਰ ਰਹੇ ਆਪਣੇ 55 ਸਾਲਾ ਚਾਚੇ ਮੁਖਤਿਆਰ ਸਿੰਘ ਦਾ ਆਪਣੀ ਲਾਇਸੈਂਸੀ ਬੰਦੂਕ ਨਾਲ ਕਤਲ ਕਰ ਦਿੱਤਾ। ਹਾਲ ਹੀ ਵਿਚ ਵਾਪਰੀ ਇੱਕ ਹੋਰ ਘਟਨਾ ਸੁਰਖੀਆਂ ਵਿਚ ਰਹੀ ਜਦੋਂ ਬਹਿਸ ਤੋਂ ਬਾਅਦ ਆਪਣੇ ਪੁਰਾਣੇ ਸਾਥੀ ਦਾ ਦਿਨ ਦਿਹਾੜੇ ਕਤਲ ਕਰਕੇ ਇੱਕ ਨੌਜਵਾਨ ਨੂੰ ਹੱਥ ਵਿੱਚ ਬੰਦੂਕ ਫੜੀ ਗਲੀਆਂ ਵਿੱਚ ਘੁੰਮਦੇ ਦੇਖਿਆ ਗਿਆ।

Advertisement

31 ਮਈ ਨੂੰ ਗੁਰੂ ਹਰ ਸਹਾਏ ਦੇ ਪਿੰਡ ਤਰਿੰਡਾ ਦੇ ਨੌਜਵਾਨ ਸਰਪੰਚ ਜਸ਼ਨ ਬਾਵਾ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਖੁਦਕੁਸ਼ੀ ਕਰ ਲਈ। ਇਸੇ ਤਰ੍ਹਾਂ 15 ਮਈ ਨੂੰ ਇਸ ਜ਼ਿਲ੍ਹੇ ਦੇ ਪਿੰਡ ਆਰਿਫ਼ ਕੇ ਵਿਖੇ ਕਬੱਡੀ ਮੈਚ ਦੌਰਾਨ ਜਗਜੀਤ ਸਿੰਘ ਨਾਂ ਦੇ ਵਿਅਕਤੀ ਨੇ ਕਥਿਤ ਤੌਰ ’ਤੇ ਪਰਿਵਾਰਕ ਝਗੜੇ ਕਾਰਨ ਆਪਣੇ ਸਾਲੇ ਜਗਰਾਜ ਸਿੰਘ ਨੂੰ ਆਪਣੀ ਲਾਇਸੈਂਸੀ ਪਿਸਤੌਲ ਨਾਲ ਮਾਰਨ ਦੀ ਕੋਸ਼ਿਸ਼ ਕੀਤੀ।

ਇਹ ਕੋਈ ਇੱਕਾ-ਦੁੱਕਾ ਘਟਨਾਵਾਂ ਨਹੀਂ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਅਸਲਾ ਧਾਰਕ ਮਾਮੂਲੀ ਜਿਹਾ ਉਕਸਾਏ ਜਾਣ ’ਤੇ ਗੋਲੀਬਾਰੀ ਕਰ ਦਿੰਦੇ ਹਨ, ਜਿਸ ਕਾਰਨ ਪੀੜਤ ਅਤੇ ਦੋਸ਼ੀ ਦੋਵਾਂ ਦੇ ਪਰਿਵਾਰਾਂ ਨੂੰ ਸਾਲਾਂ ਬੱਧੀ ਦੁੱਖ ਝੱਲਣਾ ਪੈਂਦਾ ਹੈ।

ਜ਼ਿਲ੍ਹੇ ਵਿਚ 25 ਹਜ਼ਾਰ ਤੋਂ ਵੱਧ ਲਾਇਸੈਂਸ ਧਾਰਕ

ਇਸ ਸਰਹੱਦੀ ਜ਼ਿਲ੍ਹੇ ਵਿੱਚ ਹੀ ਕਰੀਬ 25,000 ਅਸਲਾ ਲਾਇਸੈਂਸ ਧਾਰਕ ਹਨ। ਕਈਆਂ ਕੋਲ ਇੱਕ ਹੀ ਲਾਇਸੈਂਸ ’ਤੇ ਦੋ-ਦੋ ਹਥਿਆਰ ਹਨ। ਜੇ ਇਸ ਵਿੱਚ ਯੂਪੀ ਅਤੇ ਬਿਹਾਰ ਵਰਗੇ ਦੂਜੇ ਰਾਜਾਂ ਤੋਂ ਲਿਆਂਦੇ ਗੈਰ-ਲਾਇਸੈਂਸੀ ਤੇ ਨਾਜਾਇਜ਼ ਹਥਿਆਰਾਂ ਨੂੰ ਵੀ ਜੋੜ ਲਿਆ ਜਾਵੇ ਤਾਂ ਛੋਟੇ ਹਥਿਆਰਾਂ ਦੀ ਗਿਣਤੀ ਵੱਡੀ ਹੋ ਸਕਦੀ ਹੈ। ਸੂਬੇ ਵਿੱਚ ਅੰਦਾਜ਼ਨ 4 ਲੱਖ ਤੋਂ ਵੱਧ ਅਸਲਾ ਲਾਇਸੈਂਸ ਧਾਰਕ ਹਨ।

ਫ਼ਿਰੋਜ਼ਪੁਰ ਵਿੱਚ ਇਹ ਰੁਝਾਨ ਖ਼ਤਰਨਾਕ ਰੂਪ ਧਾਰ ਚੁੱਕਾ ਹੈ, ਜਿੱਥੇ ਮਹਿੰਗੀਆਂ ਐੱਸਯੂਵੀ (SUVs) ਅਤੇ ਸ਼ਾਨਦਾਰ ਬਾਈਕਾਂ ਨਾਲੋਂ ਵੱਧ ਬੰਦੂਕ ਰੱਖਣ ਦਾ ਸ਼ੌਕ ਭਾਰੂ ਹੈ।

ਨੌਜਵਾਨ ਅਤੇ ਬਜ਼ੁਰਗ, ਸ਼ਹਿਰੀ ਅਤੇ ਪੇਂਡੂ, ਸਾਰੇ ਹੀ ਹਥਿਆਰਾਂ ਦਾ ਪ੍ਰਦਰਸ਼ਨ ਕਰਨਾ ਪਸੰਦ ਕਰਦੇ ਹਨ। ਜ਼ਿਆਦਾਤਰ ਲੋਕਾਂ ਲਈ ਹਥਿਆਰ ਰੱਖਣਾ ਇੱਕ ਰੁਤਬੇ ਦਾ ਪ੍ਰਤੀਕ ਬਣ ਗਿਆ ਹੈ। ਪਰ ਕਈ ਮੌਕਿਆਂ ’ਤੇ ਮਾਮੂਲੀ ਝਗੜੇ ਹਿੰਸਕ ਰੂਪ ਲੈ ਲੈਂਦੇ ਹਨ ਅਤੇ ਗੁੱਸੇ ਵਿੱਚ ਆ ਕੇ ਹਿਸਾਬ ਬਰਾਬਰ ਕਰਨ ਲਈ ਲਾਇਸੈਂਸੀ ਜਾਂ ਗੈਰ-ਕਾਨੂੰਨੀ ਦੋਵਾਂ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਵਿਭਾਗ ਸਖ਼ਤ, ਸੀਬੀਆਈ ਵੱਲੋਂ ਕੀਤੀ ਗਈ ਸੀ ਜਾਂਚ

ਇੱਕ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, ‘‘ਇਹ ਰੁਝਾਨ ਚਿੰਤਾਜਨਕ ਹੈ ਕਿਉਂਕਿ ਹੁਣ ਲਗਪਗ ਹਰ ਦੂਜੇ ਘਰ ਵਿੱਚ ਅਸਲਾ ਹੈ।’’ ਉਨ੍ਹਾਂ ਕਿਹਾ ਕਿ ਜੇ ਉਹ ਲਾਇਸੈਂਸ ਜਾਰੀ ਕਰਨ ਤੋਂ ਇਨਕਾਰ ਕਰਦੇ ਹਨ, ਤਾਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਪ੍ਰਭਾਵਸ਼ਾਲੀ ਲੋਕਾਂ ਦੇ ਫੋਨ ਆਉਂਦੇ ਹਨ।

ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਲਾਇਸੈਂਸ ਧਾਰਕਾਂ ਨੂੰ ਜ਼ਿੰਮੇਵਾਰ ਬਣਨ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਅਸਲਾ ਲਾਇਸੈਂਸ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਉਮਰ, ਲੋੜ ਅਤੇ ਉਦੇਸ਼ ਸਮੇਤ ਸਾਰੇ ਮਾਪਦੰਡਾਂ ਦੀ ਜਾਂਚ ਕਰਦੇ ਹਨ।

ਐੱਸਐੱਸਪੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਿਆਦਾਤਰ ਅਪਰਾਧਿਕ ਮਾਮਲਿਆਂ ਵਿੱਚ ਦੂਜੇ ਰਾਜਾਂ ਤੋਂ ਲਿਆਂਦੇ ਗਏ ਗੈਰ-ਕਾਨੂੰਨੀ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਪੁਲੀਸ ਨੇ ਵੱਡੀ ਗਿਣਤੀ ਵਿੱਚ ਅਜਿਹੇ ਹਥਿਆਰ ਜ਼ਬਤ ਕੀਤੇ ਹਨ।

ਜ਼ਿਕਰਯੋਗ ਹੈ ਕਿ ਪਹਿਲਾਂ ਸੀਬੀਆਈ ਨੇ ਇਸ ਜ਼ਿਲ੍ਹੇ ਵਿੱਚ ਅਸਲਾ ਲਾਇਸੈਂਸ ਜਾਰੀ ਕਰਨ ਦੀ ਜਾਂਚ ਸ਼ੁਰੂ ਕੀਤੀ ਸੀ, ਜਿਸ ਦੌਰਾਨ ਹਜ਼ਾਰਾਂ ਫਰਜ਼ੀ ਲਾਇਸੈਂਸ ਪਾਏ ਗਏ ਸਨ। ਇਹ ਪਾਇਆ ਗਿਆ ਕਿ 26 ਭਗੌੜੇ ਅਪਰਾਧੀਆਂ ਕੋਲ ਅਸਲਾ ਲਾਇਸੈਂਸ ਸਨ, ਜਿਨ੍ਹਾਂ ਨੂੰ ਡੀਸੀ ਦਫ਼ਤਰ ਵੱਲੋਂ ਜਾਂਚ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ।

Advertisement