ਰੁਪਇਆਂ ਦੇ ਲੈਣ-ਦੇਣ ’ਤੇ ਗੋਲੀ ਚੱਲੀ, ਤਿੰਨ ਜ਼ਖ਼ਮੀ
ਨਿਹਾਲ ਸਿੰਘ ਵਾਲਾ ਥਾਣੇ ਤੋਂ ਮਹਿਜ਼ ਕਰੀਬ 100 ਗਜ਼ ਦੀ ਦੂਰੀ ’ਤੇ ਅੱਜ ਦੁਕਾਨ ਅੰਦਰ ਗੋਲੀਆਂ ਚੱਲ ਗਈਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਨੇੜਲੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸ਼ਟਰ ਸੁੱਟ ਲਏ।
ਇਸ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਮੁਖੀ ਪੂਰਨ ਸਿੰਘ ਨੇ ਦੱਸਿਆ ਕਿ ਇੱਥੇ ਮੋਬਾਈਲ ਫੋਨਾਂ ਦੀ ਦੁਕਾਨ ’ਤੇ ਦੋ ਧਿਰਾਂ ਵਿੱਚ ਪੈਸਿਆਂ ਦੇ ਲੈਣ-ਦੇਣ ਦੇ ਸਮਝੌਤੇ ਦੀ ਗੱਲਬਾਤ ਚੱਲ ਰਹੀ ਸੀ। ਇਸ ਦੌਰਾਨ ਦੁਕਾਨ ਅੰਦਰ ਦੋਵਾਂ ਧਿਰਾਂ ’ਚ ਮਾਹੌਲ ਤਲਖ਼ੀ ਹੋ ਗਈ ਤੇ ਇੱਕ ਧਿਰ ਨੇ ਵਿਰੋਧੀ ਧਿਰ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਚਲਾਈਆਂ ਗੋਲੀਆਂ ਕਾਰਨ ਜਸਪ੍ਰੀਤ ਸਿੰਘ, ਧਰਮਪਾਲ ਤੇ ਹਰਕ੍ਰਿਸ਼ਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨਿਹਾਲ ਸਿੰਘ ਵਾਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਬਾਅਦ ਵਿੱਚ ਇਨ੍ਹਾਂ ਨੂੰ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਧਿਰ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲੀਸ ਵੱਲੋਂ ਕਾਨੂੰਨ ਅਨੁਸਾਰ ਅਪਰਾਧਕ ਧਾਰਾਵਾਂ ਤਹਿਤ ਐੱਫ ਆਈ ਆਰ ਦਰਜ ਕਰਨ ਦੀ ਕਾਰਵਾਈ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਹਥਿਆਰਬੰਦਾਂ ਵੱਲੋਂ ਫ਼ਿਰੌਤੀਆਂ ਲਈ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੀਆਂ ਵਾਰਦਾਤਾਂ ਤੋਂ ਡਰੇ ਹੋਏ ਦੁਕਾਨਦਾਰਾਂ ਨੇ ਅੱਜ ਇੱਥੇ ਵੀ ਗੋਲੀਆਂ ਦੀ ਆਵਾਜ਼ ਸੁਣ ਕੇ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰ ਲਏ। ਇਸ ਘਟਨਾ ਕਾਰਨ ਲੋਕ ਸਹਿਮੇ ਹੋਏ ਹਨ।
