ਘਰ ਅੱਗੇ ਪਟਾਕੇ ਚਲਾਉਣ ’ਤੇ ਗੋਲੀ ਚਲਾਈ
ਇਥੋਂ ਨੇੜਲੇ ਪਿੰਡ ਕਮਾਲ ਕੇ ਵਿੱਚ ਦੀਵਾਲੀ ਦੀ ਰਾਤ ਨੂੰ ਘਰ ਅੱਗੇ ਪਟਾਕੇ ਚਲਾਉਣ ’ਤੇ ਲੜਾਈ ਹੋ ਗਈ। ਇਸ ਮੌਕੇ ਚੱਲੀ ਗੋਲੀ ਕਾਰਨ ਪਟਾਕਾ ਚਲਾਉਣ ਵਾਲਾ ਨੌਜਵਾਨ ਅਤੇ ਉਸ ਦੀ ਮਾਂ ਜ਼ਖ਼ਮੀ ਹੋ ਗਏ। ਦੋਵੇਂ ਜ਼ਖ਼ਮੀ ਫ਼ਰੀਦਕੋਟ ਮੈਡੀਕਲ ਹਸਪਤਾਲ ’ਚ ਦਾਖ਼ਲ ਹਨ। ਧਰਮਕੋਟ ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਸੱਚਪ੍ਰੀਤ ਸਿੰਘ ਦੇ ਪਿੰਡ ਦੀ ਲੜਕੀ ਨਾਲ ਕਥਿਤ ਪ੍ਰੇਮ ਸਬੰਧ ਸਨ। ਇਸ ਕਾਰਨ ਦੋਵਾਂ ਪਰਿਵਾਰਾਂ ਵਿੱਚ ਤਕਰਾਰ ਸੀ। ਦੀਵਾਲੀ ਵਾਲੀ ਰਾਤ ਨੂੰ ਲੜਕੇ ਨੇ ਲੜਕੀ ਦੇ ਘਰ ਸਾਹਮਣੇ ਜਾ ਕੇ ਪਟਾਕੇ ਚਲਾਏ। ਇਸ ਕਾਰਨ ਦੋਵਾਂ ਪਰਿਵਾਰਾਂ ਵਿੱਚ ਝਗੜਾ ਹੋ ਗਿਆ। ਲੜਕੀ ਦੇ ਪਿਤਾ ਨੇ ਆਪਣੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਇਸ ਕਾਰਨ ਸੱਚਪ੍ਰੀਤ ਸਿੰਘ ਅਤੇ ਉਸ ਦੀ ਮਾਤਾ ਪਰਮਜੀਤ ਕੌਰ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਪਹਿਲਾਂ ਇਲਾਜ ਲਈ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਫ਼ਰੀਦਕੋਟ ਮੈਡੀਕਲ ਹਸਪਤਾਲ ਭੇਜ ਦਿੱਤਾ ਗਿਆ।
ਥਾਣਾ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਲੜਕੀ ਦਾ ਵਿਆਹ ਰੱਖਿਆ ਹੋਇਆ ਹੈ। ਲੜਕੇ ਨੇ ਲੜਕੀ ਦੇ ਘਰ ਅੱਗੇ ਜਾ ਕੇ ਅੱਧੀ ਰਾਤ ਨੂੰ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਝਗੜਾ ਹੋ ਗਿਆ। ਲੜਕੀ ਦੇ ਪਰਿਵਾਰਕ ਮੈਂਬਰ ਵੀ ਜ਼ੇਰੇ ਇਲਾਜ ਹਨ। ਫ਼ਿਲਹਾਲ ਲੜਕੀ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
