ਸਾਬਕਾ ਫ਼ੌਜੀ ਦੇ ਘਰ ’ਤੇ ਚੱਲੀਆਂ ਗੋਲੀਆਂ
ਮੋਟਰਸਾਈਕਲਾਂ ’ਤੇ ਸਵਾਰਾਂ ਵੱਲੋਂ ਹਮਲਾ, ਪੁਲੀਸ ਵੱਲੋਂ ਜਾਂਚ ਜਾਰੀ
Advertisement
ਇਸ ਤਹਿਸੀਲ ਦੇ ਪਿੰਡ ਰਾਮਗੜ੍ਹ ਝੁੰਗੀਆਂ ਵਿੱਚ ਬੀਤੀ ਰਾਤ ਸਾਬਕਾ ਫੌਜੀ ਦੇ ਘਰ ’ਤੇ ਕਥਿਤ ਤੌਰ ’ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ ਹਨ। ਇਸ ਮਗਰੋਂ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਤਨਾਮ ਸਿੰਘ ਵਾਸੀ ਰਾਮਗੜ੍ਹ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਅੰਦਰ ਪਰਿਵਾਰ ਸਮੇਤ ਸੁੱਤਾ ਸੀ ਕਿ ਅਚਾਨਕ ਰਾਤ ਪੌਣੇ ਤਿੰਨ ਵਜੇ ਦੇ ਕਰੀਬ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਘਰ ਦੇ ਗੇਟ ਨੂੰ ਚੀਰ ਕੇ ਉਨ੍ਹਾਂ ਦੇ ਘਰ ਦੀਆਂ ਕੰਧਾਂ ਵਿੱਚ ਗੋਲੀਆਂ ਵੱਜੀਆਂ ਹੋਈਆਂ ਸਨ। ਦੱਸਿਆ ਗਿਆ ਕਿ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਨੌਜਵਾਨ ਗੋਲੀਆਂ ਚਲਾ ਕੇ ਫਰਾਰ ਹੋ ਗਏ। ਇਸ ’ਤੇ ਤੁਰੰਤ 112 ’ਤੇ ਕਾਲ ਕਰ ਕੇ ਪੁਲੀਸ ਨੂੰ ਸੂਚਨਾ ਦਿੱਤੀ। ਇਸ ਬਾਰੇ ਸਮੁੰਦੜਾ ਚੌਂਕੀ ਦੀ ਪੁਲੀਸ ਨੇ ਚੱਲੀਆਂ ਗੋਲੀਆਂ ਦੇ ਦੋ ਖੋਲ ਵੀ ਬਰਾਮਦ ਕੀਤੇ।
ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਦੋਵੇਂ ਲੜਕੇ ਕਰਨਜੋਤ ਸਿੰਘ ਅਤੇ ਮਨਜੋਤ ਸਿੰਘ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ 21 ਸਤੰਬਰ ਦੀ ਰਾਤ ਕਰੀਬ ਅੱਠ ਵਜੇ ਉਨ੍ਹਾਂ ਦੇ ਘਰ ਦੋ ਅਣਪਛਾਤੇ ਨੌਜਵਾਨ ਆਏ ਅਤੇ ਅਮਰੀਕਾ ਵਿੱਚ ਰਹਿ ਰਹੇ ਉਸ ਦੇ ਲੜਕਿਆਂ ਬਾਰੇ ਜਾਣਕਾਰੀ ਹਾਸਲ ਕਰਨ ਲੱਗੇ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਉਕਤ ਨੌਜਵਾਨ ਘਰ ਦੀ ਰੇਕੀ ਕਰਨ ਆਏ ਸਨ। ਇਸ ਸਬੰਧ ਵਿੱਚ ਪੁਲੀਸ ਨੇੜੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰ ਕੇ ਅੱਗੇ ਦੀ ਕਾਰਵਾਈ ਕਰ ਰਹੀ ਹੈ।
Advertisement
Advertisement