ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕਿਸ਼ਤੀਆਂ ਦੀ ਘਾਟ
ਆਤਿਸ਼ ਗੁਪਤਾ
ਪੰਜਾਬ ਵਿੱਚ ਹੜ੍ਹਾਂ ਨੇ 23 ਜ਼ਿਲ੍ਹਿਆਂ ਦੇ 1400 ਤੋਂ ਵੱਧ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਰਾਵੀ ਅਤੇ ਬਿਆਸ ਦੇ ਕੰਢੇ ਵਸੇ ਜ਼ਿਆਦਾਰ ਇਲਾਕੇ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ, ਜਿੱਥੇ ਕਈ-ਕਈ ਫੁੱਟ ਪਾਣੀ ਖੜ੍ਹਾ ਹੈ। ਜਦੋਂਕਿ ਸਤਲੁਜ ਤੇ ਘੱਗਰ ਵੀ ਖਤਰੇ ਦੇ ਨਿਸ਼ਾਨ ਨੇੜੇ ਵਹਿ ਰਹੇ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੂਬਾ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਟਰੈਕਟਰਾਂ ਦੀ ਮਦਦ ਨਾਲ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਦਰਿਆਵਾਂ ਦੇ ਨੇੜਲੇ ਖੇਤਰਾਂ ਵਿੱਚ ਪਾਣੀ ਜ਼ਿਆਦਾ ਭਰਿਆ ਹੋਣ ਕਰਕੇ ਟਰੈਕਟਰਾਂ ਨੂੰ ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਇਲਾਕਿਆਂ ਵਿੱਚ ਕਿਸ਼ਤੀਆਂ ਦੀ ਵਰਤੋਂ ਨਾਲ ਹੀ ਰਾਹਤ ਸਮੱਗਰੀ ਪਹੁੰਚਾਈ ਜਾ ਸਕਦੀ ਹੈ, ਪਰ ਕਿਸ਼ਤੀਆਂ ਦੀ ਘਾਟ ਕਰਕੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ। ਕਈ ਥਾਵਾਂ ’ਤੇ ਲੋਕਾਂ ਵੱਲੋਂ ਟਿਊਬ ਵਿੱਚ ਹਵਾ ਭਰ ਕੇ ਜਾਂ ਦੇਸੀ ਜੁਗਾੜ ਨਾਲ ਕਿਸ਼ਤੀ ਤਿਆਰ ਕਰਕੇ ਆਪਣਾ ਗੁਜ਼ਾਰਾ ਕੀਤਾ ਜਾ ਰਿਹਾ ਹੈ। ਕਿਸ਼ਤੀਆਂ ਦੀ ਘਾਟ ਨੂੰ ਵੇਖਦਿਆਂ ਕਪੂਰਥਲਾ ਦੇ ਰੇਲਵੇ ਪਾਰਟਸ ਬਣਾਉਣ ਵਾਲੇ ਵਪਾਰੀ ਪ੍ਰਿਤਪਾਲ ਸਿੰਘ ਹੰਸਪਾਲ ਨੇ ਆਪਣਾ ਸਾਰਾ ਕੰਮਕਾਜ ਬੰਦ ਕਰਕੇ ਕਿਸ਼ਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਪਿਛਲੇ ਦੋ-ਤਿੰਨ ਦਿਨਾਂ ਵਿੱਚ 40-50 ਕਿਸ਼ਤੀਆਂ ਬਣਾ ਕੇ ਦਿੱਤੀਆਂ ਹਨ। ਸ੍ਰੀ ਹੰਸਪਾਲ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਸਰਪੰਚਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਉਨ੍ਹਾਂ ਕੋਲ ਕਿਸ਼ਤੀਆਂ ਲੈਣ ਲਈ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਸੌ ਤੋਂ ਵੱਧ ਕਾਮਿਆਂ ਨੂੰ ਕਿਸ਼ਤੀਆਂ ਬਣਾਉਣ ਲਈ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਉਹ ਕਮਾਈ ਵੱਲ ਧਿਆਨ ਨਾ ਕਰਦੇ ਹੋਏ ਸਮਾਜ ਸੇਵਾ ਵਿੱਚ ਜੁਟੇ ਹੋਏ ਹਨ। ਸ੍ਰੀ ਹੰਸਪਾਲ ਨੇ ਹੋਰਨਾਂ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸ਼ਤੀਆਂ ਬਣਾ ਸਕਦੇ ਹਨ। ਉਨ੍ਹਾਂ ਵੱਖ-ਵੱਖ ਵਿਅਕਤੀਆਂ ਨੂੰ ਕਿਸ਼ਤੀਆਂ ਬਣਾਉਣ ਦਾ ਤਰੀਕਾ ਵੀ ਸਾਂਝਾ ਕੀਤਾ।
ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 117 ਕਿਸ਼ਤੀਆਂ ਲੱਗੀਆਂ
ਸਰਕਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੁੱਲ 117 ਕਿਸ਼ਤੀਆਂ ਨੂੰ ਰਾਹਤ ਕਾਰਜਾਂ ਵਿੱਚ ਲਗਾਇਆ ਗਿਆ ਹੈ। ਕਈ ਕਿਸ਼ਤੀਆਂ ਐੱਨਡੀਆਰਐੱਫ ਤੇ ਕਈ ਸਰਕਾਰ ਦੇ ਪ੍ਰਬੰਧ ਅਧੀਨ ਚਲਾਈਆਂ ਜਾ ਰਹੀਆਂ ਹਨ। ਜਦੋਂਕਿ ਕਈ ਸਮਾਜ ਸੇਵੀ ਜਥੇਬੰਦੀਆਂ ਆਪਣੇ ਪੱਧਰ ’ਤੇ ਕਿਸ਼ਤੀਆਂ ਲੈ ਕੇ ਸੇਵਾ ਵਿੱਚ ਜੁਟੀਆਂ ਹੋਈਆ ਹਨ। ਸਰਕਾਰ ਵੱਲੋਂ ਐੱਨਡੀਆਰਐੱਫ ਤੋਂ 50 ਕਿਸ਼ਤੀਆਂ ਹੋਰ ਭੇਜਣ ਦੀ ਮੰਗ ਕੀਤੀ ਗਈ ਹੈ।