ਫਿਰੌਤੀ ਲਈ ਦੁਕਾਨਦਾਰ ’ਤੇ ਗੋਲੀਆਂ ਚਲਾਈਆਂ
ਥਾਣਾ ਬਾਘਾਪੁਰਾਣਾ ਦੇ ਪਿੰਡ ਮਾੜੀ ਮੁਸਤਫ਼ਾ ਵਿੱਚ ਫ਼ਿਰੌਤੀ ਲਈ ਕਰਿਆਨਾ ਦੁਕਾਨਦਾਰ ’ਤੇ ਅੱਜ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਦੁਕਾਨਦਾਰ ਦੇ ਸਰਕਾਰੀ ਸੁਰੱਖਿਆ ਗਾਰਡ ਵੱਲੋਂ ਜਵਾਬੀ ਕਾਰਵਾਈ ਵਿੱਚ ਗੋਲੀਆਂ ਚਲਾਈਆਂ ਗਈਆਂ ਤਾਂ ਹਮਲਾਵਾਰ ਫ਼ਰਾਰ ਹੋ ਗਏ। ਡੀ ਐੱਸ ਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ ਅਤੇ ਥਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਕਰਿਆਨਾ ਦੁਕਾਨਦਾਰ ਸੁਖਦੇਵ ਸਿੰਘ ਦੇ ਘਰ ’ਤੇ 25 ਲੱਖ ਫ਼ਿਰੌਤੀ ਲਈ ਮਾਰਚ 2024 ਵਿੱਚ ਗੋਲੀਆਂ ਚਲਾਈਆਂ ਗਈਆਂ ਸਨ। ਇਸ ਮਾਮਲੇ ’ਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਇੱਕ ਹਾਲੇ ਵੀ ਫ਼ਰਾਰ ਹੈ। ਉਨ੍ਹਾਂ ਦੱਸਿਆ ਪਿਛਲੇ ਸਾਲ ਹਮਲੇ ਮਗਰੋਂ ਦੁਕਾਨਦਾਰ ਨੂੰ ਸਰਕਾਰੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਸੀ। ਪੁਲੀਸ ਅਨੁਸਾਰ ਫ਼ਿਰੌਤੀ ਲਈ ਉਨ੍ਹਾਂ ਦੇ ਪਿੰਡ ਦਾ ਹੀ ਨੌਜਵਾਨ ਸ਼ਾਨਦੀਪ ਸਿੰਘ ਸਨੀ ਵਿਦੇਸ਼ ਤੋਂ ਫੋਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਦੋ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਤਾਂ ਦੁਕਾਨਦਾਰ ਸੁਖਦੇਵ ਸਿੰਘ ਦੁਕਾਨ ਅੰਦਰ ਸੀ। ਜਵਾਬੀ ਕਾਰਵਾਈ ਵਿੱਚ ਦੁਕਾਨਦਾਰ ਦੇ ਸਰਕਾਰੀ ਸੁਰੱਖਿਆ ਗਾਰਡ ਮਲਕੀਤ ਸਿੰਘ ਨੇ ਗੋਲੀਆਂ ਚਲਾਈਆਂ ਤਾਂ ਹਮਲਾਵਾਰ ਫ਼ਰਾਰ ਹੋ ਗਏ। ਇਸ ਦੌਰਾਨ ਹਮਲਾਵਰਾਂ ਦੀ ਗੋਲੀ ਦੁਕਾਨ ਅੰਦਰ ਲੱਗੇ ਸ਼ੀਸ਼ਿਆਂ ਵਿੱਚ ਲੱਗੀ। ਗੋਲੀ ਨਾਲ ਸ਼ੀਸ਼ੇ ਦਾ ਟੁੱਕੜਾ ਟੁੱਟ ਗਿਆ ਅਤੇ ਇਸ ਨਾਲ ਹੋਮਗਾਰਡ ਮਲਕੀਤ ਸਿੰਘ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਵਿਦੇਸ਼ ਰਹਿੰਦੇ ਨੌਜਵਾਨ ਸ਼ਾਨਦੀਪ ਸਿੰਘ ਸਨੀ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਸੀਸੀਟੀਵੀ ਕੈਮਰੇ ਖੰਗਾਲ ਰਹੀਆਂ ਹਨ ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਦੂਜੇ ਪਾਸੇ ਮੋਗਾ ਦੇ ਨਕਸ਼ਾ ਨਵੀਸ ਨੇ 5 ਲੱਖ ਦੀ ਫ਼ਿਰੌਤੀ ਮੰਗਣ ਦੀ ਸ਼ਿਕਾਇਤ ਪੁਲੀਸ ਕੋਲ ਦਰਜ ਕਰਵਾਈ ਹੈ।
ਸਰਪੰਚ ’ਤੇ ਗੋਲੀਆਂ ਚਲਾਈਆਂ; ਗੰਭੀਰ ਜ਼ਖ਼ਮੀ
ਬੰਗਾ (ਸੁਰਜੀਤ ਮਜਾਰੀ): ਇੱਥੋਂ ਨੇੜਲੇ ਪਿੰਡ ਹੱਪੋਵਾਲ ਦੇ ਸਰਪੰਚ ਉੱਤੇ ਅੱਜ ਬਾਅਦ ਦੁਪਹਿਰ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਜਿਸ ਵਿੱਚ ਉਸ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਜਦੋਂ ਸਰਪੰਚ ਗੁਰਿੰਦਰ ਸਿੰਘ ਬੰਗਾ-ਕਟਾਰੀਆਂ ਰੋਡ ’ਤੇ ਜਾ ਰਿਹਾ ਸੀ ਤਾਂ ਪਿੱਛਿਓਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇੱਕ ਗੋਲੀ ਸਰਪੰਚ ਦੇ ਪੇਟ ਵਿੱਚ ਲੱਗੀ। ਜਵਾਬ ਵਿੱਚ ਸਰਪੰਚ ਨੇ ਵੀ ਆਪਣੇ ਲਾਇਸੈਂਸੀ ਪਿਸਤੌਲ ਨਾਲ ਗੋਲੀਆਂ ਚਲਾਈਆਂ ਪਰ ਦੋਵੇਂ ਹਮਲਾਵਰ ਉੱਥੋਂ ਫ਼ਰਾਰ ਹੋ ਗਏ। ਘਟਨਾ ਸਥਾਨ ’ਤੇ ਮੌਜੂਦ ਪਰਵਾਸੀ ਮਜ਼ਦੂਰ ਵੱਲੋਂ ਰਾਹਗੀਰਾਂ ਦੀ ਮਦਦ ਨਾਲ ਸਰਪੰਚ ਨੂੰ ਜ਼ਖ਼ਮੀ ਹਾਲਤ ਵਿੱਚ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ। ਸਦਰ ਪੁਲੀਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਵਾਰਦਾਤ ਸਬੰਧੀ ਜਾਣਕਾਰੀ ਲਈ। ਉਪ ਪੁਲੀਸ ਕਪਤਾਨ ਹਰਜੀਤ ਸਿਘ ਰੰਧਾਵਾ ਨੇ ਕਿਹਾ ਕਿ ਇਸ ਵਾਰਦਾਤ ਬਾਰੇ ਤਫ਼ਤੀਸ਼ ਕੀਤੀ ਜਾ ਰਹੀ ਹੈ।