ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੰਪਲੈਕਸ ਦਾ ਨੀਂਹ ਪੱਥਰ
ਇਸ ਤੋਂ ਪਹਿਲਾਂ ਇੱਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਸ਼੍ਰੋਮਣੀ ਕਮੇਟੀ ਦੀ ਨਵੀਂ ਚੁਣੀ ਅੰਤ੍ਰਿੰਗ ਕਮੇਟੀ ਦੀ ਪਲੇਠੀ ਮੀਟਿੰਗ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ, ਗੁਰਦੁਆਰਾ ਸਾਹਿਬਾਨ, ਟਰੱਸਟਾਂ ਤੇ ਵਿੱਦਿਅਕ ਅਦਾਰਿਆਂ ਦੇ ਮਾਮਲੇ ਵਿਚਾਰੇ ਗਏ। ਮੀਟਿੰਗ ਤੋਂ ਬਾਅਦ ਇੱਥੇ ਮੁੱਢਲੇ ਤੌਰ ’ਤੇ ਚਾਰ ਬਲਾਕਾਂ ਦੇ ਨਿਰਮਾਣ ਦਾ ਕਾਰਜ ਸ਼ੁਰੂ ਕੀਤਾ ਗਿਆ, ਜਿਸ ਦੇ ਆਰੰਭ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ, ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਸਣੇ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਐਡਵੋਕੇਟ ਧਾਮੀ ਨੇ ਦੱਸਿਆ ਕਿ ਕੰਪਲੈਕਸ ’ਚ ਸੰਗਤ ਲਈ ਇੱਕ ਹਜ਼ਾਰ ਤੋਂ ਵੱਧ ਕਮਰੇ ਤਿਆਰ ਕਰਨ ਦੇ ਨਾਲ-ਨਾਲ ਪਾਰਕਿੰਗ, 25 ਹਾਲ ਤੇ ਮਾਰਕੀਟ ਬਣਾਈ ਜਾਵੇਗੀ। ਇਸ ਵਿੱਚ ਸ਼ਹੀਦ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੇ ਨਾਂ ’ਤੇ ਬਲਾਕ ਬਣਾਏ ਜਾਣਗੇ।
ਉਨ੍ਹਾਂ ਕਿਹਾ ਕਿ ਸ਼ਤਾਬਦੀਆਂ ਸਮੇਂ ਗੁਰਮਤਿ ਸਮਾਗਮਾਂ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਯਾਦਗਾਰਾਂ ਉਸਾਰਨ ਦਾ ਉੱਦਮ ਕਰਦੀ ਹੈ, ਜਿਸ ਤਹਿਤ ਨੌਵੇਂ ਪਾਤਸ਼ਾਹ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਇੱਥੇ ਸੰਗਤ ਦੇ ਠਹਿਰਨ ਵਾਸਤੇ ਕੰਪਲੈਕਸ ਬਣਾਉਣ ਦਾ ਫੈਸਲਾ ਕੀਤਾ ਹੈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਨੂੰ ਸਮਰਪਿਤ 1000 ਕਮਰਿਆਂ ਵਾਲਾ ਕੰਪਲੈਕਸ ਤਿਆਰ ਕਰਨ ਦਾ ਫੈਸਲਾ ਸ਼ਲਾਘਾਯੋਗ ਹੈ।
ਅੰਮ੍ਰਿਤਪਾਲ ਸਿੰਘ ਦੀ ਜ਼ਮਾਨਤ ਬਾਰੇ ਟਿੱਪਣੀ ਤੋਂ ਟਾਲਾ ਵੱਟਿਆ
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਕਾਲੀ ਦਲ (ਵਾਰਸ ਪੰਜਾਬ ਦੇ) ਮੁਖੀ ਅਤੇ ਸੰਸਦ ਮੈਂਬਰ ਅੰਮ੍ਰਿਤ ਪਾਲ ਸਿੰਘ ਦੀ ਜ਼ਮਾਨਤ ਸਬੰਧੀ ਕਾਰਵਾਈ ਬਾਰੇ ਕਿਹਾ, ‘‘ਇਹ ਇਹ ਕਾਨੂੰਨੀ ਮਾਮਲਾ ਹੈ। ਮੈਂ ਇਸ ਬਾਰੇ ਟਿੱਪਣੀ ਨਹੀਂ ਕਰ ਸਕਦਾ।’’
