ਹੜ੍ਹ ਪੀੜਤਾਂ ਲਈ ਦੋ ਕਰੋੜ ਰੁਪਏ ਦੇਣਗੇ ਸ਼੍ਰੋਮਣੀ ਕਮੇਟੀ ਮੁਲਾਜ਼ਮ
ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਹੜ੍ਹ ਪੀੜਤਾਂ ਦੀ ਮਦਦ ਕਰ ਰਹੀ ਹੈ, ਹੁਣ ਇਸ ਦੇ ਮੁਲਾਜ਼ਮਾਂ ਵੱਲੋਂ ਵੀ ਹੜ੍ਹ ਪੀੜਤਾਂ ਵਾਸਤੇ ਰਾਹਤ ਫੰਡ ਵਿੱਚ ਦੋ ਕਰੋੜ ਰੁਪਏ ਇਕੱਠੇ ਕਰ ਕੇ ਦੇਣ ਦਾ ਐਲਾਨ ਕੀਤਾ ਗਿਆ ਹੈ। ਮੁਲਾਜ਼ਮਾਂ ਨੇ ਇਕ ਕਰੋੜ ਰੁਪਏ ਦਾ ਚੈੱਕ ਅੱਜ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੌਂਪਿਆ ਹੈ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਹੜ੍ਹ ਪੀੜਤ ਲੋਕਾਂ ਦੇ ਮੁੜ ਵਸੇਬੇ ਲਈ ਵੀ ਕਾਰਜ ਕਰੇਗੀ।
ਪੱਤਰਕਾਰ ਸੰਮੇਲਨ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਕਮੇਟੀ ਵੱਲੋਂ ਹੜ੍ਹ ਰਾਹਤ ਫੰਡ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਪਹੁੰਚਾਈ ਜਾ ਸਕੇ। ਇਸ ਲਈ ਉਨ੍ਹਾਂ ਦੋ ਬੈਂਕ ਖਾਤਿਆਂ ਦੇ ਨੰਬਰ ਵੀ ਜਾਰੀ ਕੀਤੇ ਹਨ। ਕਰਮਚਾਰੀਆਂ ਵੱਲੋਂ ਇਕ ਕਰੋੜ ਰੁਪਏ ਦਾ ਚੈਕ ਦੇਣ ’ਤੇ ਉਨ੍ਹਾਂ ਕਿਹਾ ਕਿ ਇਕੱਤਰ ਹੋਈ ਰਾਸ਼ੀ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਵਰਤੀ ਜਾਵੇਗੀ। ਹੜ੍ਹਾਂ ਦੀ ਇਸ ਕਰੋਪੀ ਲਈ ਉਨ੍ਹਾਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਜੇ ਡੈਮਾਂ ਤੋਂ ਸਮੇਂ ਸਿਰ ਪਾਣੀ ਛੱਡਿਆ ਜਾਂਦਾ ਤਾਂ ਅੱਜ ਇਹ ਹਾਲਾਤ ਨਾ ਬਣਦੇ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਤੁਰੰਤ ਰਾਹਤ ਦੇਣ ਦੀ ਬਜਾਏ ਕੇਵਲ ਸੋਸ਼ਲ ਮੀਡੀਆ ’ਤੇ ਹੀ ਦਿਖਾਵਾ ਕਰ ਰਹੀ ਹੈ।