ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਆਪ’ ਖ਼ਿਲਾਫ਼ ਲੋਕ ਲਹਿਰ ਵਿੱਢਣ ਦਾ ਐਲਾਨ
ਆਤਿਸ਼ ਗੁਪਤਾਚੰਡੀਗੜ੍ਹ, 30 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੀ ਨਵੀਂ ਕੋਰ ਕਮੇਟੀ ਦੀ ਪਹਿਲੀ ਮੀਟਿੰਗ ਚੰਡੀਗੜ੍ਹ ’ਚ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਹੋਈ ਜਿਸ ਪੰਜਾਬ ਦੇ ਮੌਜੂਦਾ ਸਿਆਸੀ ਹਾਲਤ ਬਾਰੇ ਚਰਚਾ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਸੂਬੇ ਵਿੱਚ ਸਿਆਸੀ ਬਦਲਾਖੋਰੀ ਦੀ ਨੀਤੀ ਨੂੰ ਬੰਦ ਕਰੇ। ਉਨ੍ਹਾਂ ਫ਼ੈਸਲਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਵੱਖ-ਵੱਖ ਮੁੱਦੇ ਚੁੱਕੇ ਜਾਣਗੇ। ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਦੀ ਬੇਸ਼ਕੀਮਤੀ ਜ਼ਮੀਨਾਂ ਖੋਹਣ ਤੇ ਭ੍ਰਿਸ਼ਟ ‘ਆਪ’ ਆਗੂਆਂ ਨੂੰ ਬਚਾਉਣ ਵਿਰੁੱਧ ਲੋਕ ਲਹਿਰ ਵਿੱਢੀ ਜਾਵੇਗੀ।
ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਦੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਦਿੱਲੀ ਦੀ ਲੀਡਰਸ਼ਿਪ ਵੱਲੋਂ ਐਮਰਜੈਂਸੀ ਵਰਗੇ ਹਾਲਾਤ ਬਣਾਏ ਗਏ ਹਨ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੁਧਿਆਣਾ ਵਿਚ 24000 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ, ਜਿਸ ਨਾਲ ਹਜ਼ਾਰਾਂ ਲੋਕ ਆਪਣੇ ਰੁਜ਼ਗਾਰ ਗੁਆ ਲੈਣਗੇ। ਉਨ੍ਹਾਂ ਕਿਹਾ ਕਿ ਜ਼ਮੀਨ ਐਕੁਆਇਰ ਕਰਨ ਦਾ ਇਹ ਘੁਟਾਲਾ ਕਿਸਾਨਾਂ ਸਿਰ ਮੜ੍ਹਿਆ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਮਿਲ ਰਿਹਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਸਰਕਾਰ ਨੂੰ ਅਜਿਹੀ ਕਾਰਵਾਈ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਪਲਟੀ ਮਾਰ ਰਹੀ ਹੈ। ਇਸ ਮਾਮਲੇ ਵਿਚ ਵਿਰੋਧੀ ਧਿਰ ਨੇਤਾਵਾਂ ਨੂੰ ਫਸਾਇਆ ਜਾ ਰਿਹਾ ਹੈ, ਜਦਕਿ ਆਪਣਿਆਂ ਨੂੰ ਬਖਸ਼ਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਾਬਕਾ ਮੰਤਰੀ ਡਾ. ਵਿਜੈ ਸਿੰਗਲਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ, ਜਿਸ ਖ਼ਿਲਾਫ਼ ਮੁੱਖ ਮੰਤਰੀ ਦੇ ਕਹਿਣ ’ਤੇ ਕੇਸ ਦਰਜ ਕੀਤਾ ਸੀ।
ਡਾ. ਚੀਮਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਤਾਰ ‘ਆਪ’ ਸਰਕਾਰ ਦੇ ਭ੍ਰਿਸ਼ਟਾਚਾਰ ਤੇ ਹੋਰ ਮੁੱਦਿਆਂ ਨੂੰ ਉਜਾਗਰ ਕੀਤਾ ਜਾ ਰਿਹਾ ਸੀ, ਜਿਸ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਮਜੀਠੀਆ ਖ਼ਿਲਾਫ਼ ਦਰਜ ਐੱਨਡੀਪੀਐੱਸ ਦਾ ਕੇਸ ਮੂਧੇ ਮੂੰਹ ਡਿੱਗਿਆ ਹੈ, ਉਸੇ ਤਰ੍ਹਾਂ ਮੌਜੂਦਾ ਕੇਸ ਵੀ ਮੂਧੇ ਮੂੰਹ ਡਿੱਗੇਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ਹੈ, ਜਿਸ ਨੂੰ ਬੇਨਕਾਬ ਕੀਤਾ ਜਾਵੇਗਾ।
ਦਿਲਜੀਤ ਦੁਸਾਂਝ ਦੀ ਕੀਤੀ ਹਮਾਇਤ
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਦਿਲਜੀਤ ਦੁਸਾਂਝ ਨਾਲ ਸਬੰਧਤ ਮਾਮਲੇ ’ਤੇ ਵਿਚਾਰ ਮਗਰੋਂ ਉਸ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ। ਕੋਰ ਕਮੇਟੀ ਨੇ ਦਿਲਜੀਤ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੂੰ ਬੇਲੋੜੇ ਵਿਵਾਦ ਵਿਚ ਫਸਾਇਆ ਗਿਆ ਤੇ ਨਫਰਤ ਭਰੀ ਇਸ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਗੁਲਜ਼ਾਰ ਸਿੰਘ ਰਣੀਕੇ ਤਰਨਤਾਰਨ ਜ਼ਿਮਨੀ ਚੋਣ ਲਈ ਕੋਆਰਡੀਨੇਟਰ ਨਿਯੁਕਤ
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਤਰਨਤਾਰਨ ਜ਼ਿਮਨੀ ਚੋਣ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਗੁਲਜ਼ਾਰ ਸਿੰਘ ਰਣੀਕੇ ਨੂੰ ਤਰਨਤਾਰਨ ਜ਼ਿਮਨੀ ਚੋਣ ਵਾਸਤੇ ਕੋਆਰਡੀਨੇਟਰ ਲਾਇਆ ਗਿਆ।