18,771 ਗੱਟੇ ਝੋਨਾ ਖੁਰਦ-ਬੁਰਦ ਕਰਨ ਦੇ ਮਾਮਲੇ 'ਚ ਸ਼ੈਲਰ ਮਾਲਕ ਤੇ ਪਤਨੀ ਗ੍ਰਿਫ਼ਤਾਰ
ਇਥੋਂ ਥੋੜ੍ਹੀ ਦੂਰ ਘੱਲ ਖੁਰਦ 'ਚ ਪਨਸਪ ਸ਼ੈਲਰ ਵਿੱਚੋਂ ਕਰੋੜਾਂ ਰੁਪਏ ਦਾ ਝੋਨਾ ਖੁਰਦ-ਬੁਰਦ ਕਰਨ ਦੇ ਦੋਸ਼ ਵਿੱਚ ਥਾਣਾ ਘੱਲ ਖੁਰਦ ਪੁਲੀਸ ਨੇ ਇਕ ਔਰਤ ਅਤੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਘੱਲ ਖੁਰਦ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੈਨੇਜਰ ਪਨਸਪ ਫ਼ਿਰੋਜ਼ਪੁਰ ਤੋਂ ਮਿਲੀਆਂ ਦੋ ਦਰਖਾਸਤਾਂ - ਮਿਤੀ 30 ਜਨਵਰੀ, 2025 ਅਤੇ 28 ਜੁਲਾਈ 2025 ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਮੁਖੀ ਨੇ ਦੱਸਿਆ ਹੈ ਕਿ ਜ਼ਿਲ੍ਹਾ ਮੈਨੇਜਰ ਵੱਲੋਂ ਦਰਖਾਸਤਾਂ ਵਿੱਚ ਦੋਸ਼ ਲਾਇਆ ਗਿਆ ਸੀ ਕਿ ਪਿੰਡ ਖਵਾਜਾ ਖੜਕ ਦੇ ਚਾਨਣ ਸਿੰਘ ਅਤੇ ਉਸਦੀ ਪਤਨੀ ਕੁਲਵੀਰ ਕੌਰ ਵੱਲੋਂ ਮੈਸਰਜ਼ ਭੁੱਲਰ ਰਾਈਸ ਮਿੱਲ ਸ਼ੈਲਰ ਵਿਚ ਰੱਖੇ ਗਏ 18,771 ਗੱਟੇ ਝੋਨੇ ਨੂੰ ਕਥਿਤ ਤੌਰ ’ਤੇ ਖੁਰਦ-ਬੁਰਦ ਕੀਤਾ ਗਿਆ ਹੈ। ਇਸ ਨਾਲ ਸਰਕਾਰ ਨੂੰ 2,04,25,573 ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਉਕਤ ਵਿਅਕਤੀਆਂ ਵੱਲੋਂ ਮਿੱਲ ਵਿੱਚੋਂ 2317 ਗੱਟੇ ਝੋਨਾ ਅਤੇ 8916 ਗੱਟੇ ਚਾਵਲ ਵੀ ’ਨੌਨ-ਸਟੈਂਡਰਡ’ ਭਰਤੀ ਦਾ ਪਾਇਆ ਗਿਆ।
ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲੀਸ ਨੇ ਚਾਨਣ ਸਿੰਘ ਅਤੇ ਕੁਲਵੀਰ ਕੌਰ ਨੂੰ ਕਾਬੂ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਹੋਰ ਜਾਂਚ ਚੱਲ ਰਹੀ ਹੈ, ਤਾਂ ਕਿ ਇਸ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੂੰ ਕਾਬੂ ਕਰ ਕੇ, ਵੱਡੇ ਘੁਟਾਲੇ ਦਾ ਪਰਦਾਫਾਸ਼ ਕੀਤਾ ਜਾ ਸਕੇ।