ਸ਼ਹਿਣਾ ਕਤਲ ਮਾਮਲਾ: ਮੀਂਹ ਦੇ ਬਾਵਜੂਦ ਤੀਜੇ ਵੀ ਧਰਨਾ ਜਾਰੀ ਰਿਹਾ
ਕਸਬਾ ਸ਼ਹਿਣਾ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲੱਕਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੇ ਸ਼ਨਿਚਰਵਾਰ ਨੂੰ ਕੀਤੇ ਕਤਲ ਤੋਂ ਬਾਅਦ ਲੋਕਾਂ ਵਿੱਚ ਰੋਸ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਸਬੰਧੀ ਅੱਜ ਮੀਂਹ ਪੈਣ ਦੇ ਬਾਵਜੂਦ ਲੋਕ ਤੀਜੇ ਦਿਨ ਵੀ ਧਰਨੇ ਵਿੱਚ ਡਟੇ ਰਹੇ।
ਅੱਜ ਦੇ ਧਰਨੇ ਵਿੱਚ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਸਾਬਕਾ ਐੱਮ.ਪੀ. ਅਤੇ ਉੱਘੇ ਵਕੀਲ ਰਾਜਦੇਵ ਸਿੰਘ ਖਾਲਸਾ, ਸਾਬਕਾ ਵਿਧਾਇਕ ਅਜੈਬ ਸਿੰਘ ਭੱਟੀ ਪੁੱਜੇ।
ਇਸ ਮੌਕੇ ਸੰਬੋਧਨ ਕਰਦਿਆਂ ਤਰਸੇਮ ਸਿੰਘ ਨੇ ਕਿਹਾ ਕਿ ਜੋ ਲੋਕ ਲੋਕਾਂ ਦੀ ਆਵਾਜ਼ ਬਣਨਗੇ ਉਨ੍ਹਾਂ ਨੂੰ ਸਰਕਾਰੀ ਤੰਤਰ ਟਿਕਣ ਨਹੀਂ ਦੇਵੇਗਾ। ਉਹ ਸਰਕਾਰੀ ਤੰਤਰ ਦੀਆਂ ਅੱਖਾਂ ਵਿੱਚ ਰੜਕਦੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਕਲਕੱਤਾ ਲੋਕਾਂ ਦੀ ਆਵਾਜ਼ ਸੀ।
ਹੋਰਨਾ ਬੁਲਾਰਿਆਂ ਨੇ ਕਿਹਾ ਕਿ ਪੁਲੀਸ ਨੇ ਚਾਹੇ ਕਾਤਲਾਂ ਨੂੰ ਫੜ ਹੀ ਲਿਆ ਹੈ, ਪਰ ਅਸਲ ਕਾਤਲ ਹਾਲੇ ਬਾਹਰ ਹਨ। ਉਨ੍ਹਾਂ ਕਿਹਾ ਜਿੰਨਾ ਸਮਾਂ ਇਸ ਕੇਸ ਦੀ ਪੂਰੀ ਪੈਰਵਾਈ ਨਹੀਂ ਹੁੰਦੀ ਅਤੇ ਅਸਲ ਕਾਤਲਾਂ ਨੂੰ ਨਹੀਂ ਫੜਿਆ ਜਾਂਦਾ, ਧਰਨਾ ਇਸੇ ਪ੍ਰਕਾਰ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਸੁਖਵਿੰਦਰ ਕਲਕੱਤਾ ਕਤਲ ਕਾਂਡ ਨੂੰ ਲੈਕੇ ਕਸਬਾ ਸ਼ਹਿਣਾ ਦੇ ਬਾਜ਼ਾਰ ਵੀ ਬੰਦ ਰਹੇ। ਇਸ ਘਟਨਾ ਪਿੱਛੋਂ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।