ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਰਾਜੋਆਣਾ ਨਾਲ ਜੇਲ੍ਹ ’ਚ ਮੁਲਾਕਾਤ
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ’ਚ ਫਾਂਸੀ ਦੀ ਸਜ਼ਾਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਅੱਜ ਇਥੇ ਕੇਂਦਰੀ ਜੇਲ੍ਹ ਵਿੱਚ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਨੂੰ ਉਸ ਦੀ ਫਾਂਸੀ ਮੁਆਫ਼ੀ ਲਈ 13 ਸਾਲ ਪਹਿਲਾਂ ਰਾਸ਼ਟਰਪਤੀ ਕੋਲ ਦਾਇਰ ਕੀਤੀ ਰਹਿਮ ਦੀ ਅਪੀਲ ਵਾਪਸ ਲੈਣ ਲਈ ਕਿਹਾ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਐਗਜ਼ੈਕਟਿਵ ਮੈਂਬਰ ਸੁਰਜੀਤ ਸਿੰਘ ਗੜ੍ਹੀ, ਗੁਰਚਰਨ ਸਿੰਘ ਗਰੇਵਾਲ, ਰਾਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਭਾਗ ਸਿੰਘ ਚੌਹਾਨ ਤੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਸ਼ਾਮਲ ਸਨ। ਮੁਲਾਕਾਤ ਤੋਂ ਬਾਅਦ ਜੇਲ੍ਹ ਦੇ ਬਾਹਰ ਸ੍ਰੀ ਧਾਮੀ ਦੇ ਹਵਾਲੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਗੜ੍ਹੀ ਨੇ ਰਾਜੋਆਣਾ ਨਾਲ ਗੱਲਬਾਤ ਦਾ ਕੋਈ ਵੇਰਵਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ ਤਾਂ ਹਾਲ ਚਾਲ ਪੁੱਛਣ ਗਏ ਸਨ ਤੇ ਰਾਜੋਆਣਾ ਚੜ੍ਹਦੀਕਲਾ ’ਚ ਹਨ। ਸੂਤਰਾਂ ਮੁਤਾਬਕ ਰਾਜੋਆਣਾ ਨੇ ਨਿਮਰਤਾ ਸਹਿਤ ਵਫ਼ਦ ਨੂੰ ਅਪੀਲ ਕੀਤੀ ਕਿ ਉਸ ਦੀ ਫਾਂਸੀ ਮੁਆਫੀ ਸਬੰਧੀ ਮਾਰਚ 2012 ’ਚ ਸ਼੍ਰੋਮਣੀ ਕਮੇਟੀ ਵੱਲੋਂ ਰਾਸ਼ਟਰਪਤੀ ਕੋਲ਼ ਜੋ ਰਹਿਮ ਦੀ ਅਪੀਲ ਦਾਇਰ ਕੀਤੀ ਸੀ, ਉਹ ਵਾਪਸ ਲੈ ਲਈ ਜਾਵੇ ਕਿਉਂਕਿ ਉਸ ਲਈ ਤਿਲ-ਤਿਲ ਕਰ ਕੇ ਮਰਨ ਦੀ ਬਜਾਏ ਫਾਂਸੀ ’ਤੇ ਚੜ੍ਹ ਕੇ ਮਰਨਾ ਬਿਹਤਰ ਹੋਵੇਗਾ।
31 ਅਗਸਤ 1995 ਦੇ ਹੱਤਿਆ ਕਾਂਡ ਸਬੰਧੀ ਰਾਜੋਆਣਾ 1996 ਤੋਂ ਜੇਲ੍ਹ ’ਚ ਬੰਦ ਹੈ ਪਰ ਇਸ ਕੇਸ ’ਚ ਉਸ ਨੂੰ ਫਾਂਸੀ ਦੀ ਸਜ਼ਾ 2007 ’ਚ ਸੁਣਾਈ ਗਈ ਸੀ। ਇਸ ਤਹਿਤ 31 ਮਾਰਚ 2012 ਦਾ ਦਿਨ ਫਾਂਸੀ ਦੇਣ ਲਈ ਮੁਕੱਰਰ ਹੋਇਆ ਸੀ ਪਰ ਤਤਕਾਲੀ ਰਾਸ਼ਟਰੀ ਨੇ ਸ਼੍ਰੋਮਣੀ ਕਮੇਟੀ ਦੀ ਅਪੀਲ ’ਤੇ ਤਿੰਨ ਦਿਨ ਪਹਿਲਾਂ ਫਾਂਸੀ ’ਤੇ ਰੋਕ ਲਾ ਕੇ ਅਗਲੀ ਕਾਰਵਾਈ ਲਈ ਫਾਈਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਸੀ, ਜੋ ਉਥੇ ਪਈ ਹੈ। ਅੱਜ ਦੀ ਮੁਲਾਕਾਤ ਮੌਕੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲ਼ੀਵਾਲ ਵੀ ਮੌਜੂਦ ਸਨ ਤੇ ਸਰਕਾਰ ਨੂੰ ਪਲ-ਪਲ ਦੀ ਰਿਪੋਰਟ ਦੇਣ ਲਈ ਡੀ ਆਈ ਜੀ (ਜੇਲ੍ਹਾਂ) ਦਲਜੀਤ ਸਿੰਘ ਰਾਣਾ ਨੇ ਵੀ ਉਨ੍ਹਾਂ ਨਾਲ ਫੋਨ ’ਤੇ ਲਗਾਤਾਰ ਰਾਬਤਾ ਕਾਇਮ ਰੱਖਿਆ।