ਸਤਲੁਜ ਦਰਿਆ ਵਿੱਚ ਹੜ੍ਹਾਂ ਦੀ ਲਪੇਟ ’ਚ ਆਏ ਕਈ ਪਿੰਡ; ਸੈਂਕੜੇ ਏਕੜ ਫ਼ਸਲ ਡੁੱਬੀ
ਪਹਾੜਾਂ ਵਿੱਚ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਇਸ ਕਾਰਨ ਹਰੀਕੇ ਹੈੱਡ ਤੋਂ ਹੇਠਲੇ ਪਾਸੇ ਪੈਂਦੇ ਇਲਾਕਿਆਂ ਵਿੱਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ।
ਇਸ ਵਜ੍ਹਾ ਨਾਲ ਪਿੰਡ ਰਾਜੀ ਸਭਰਾ, ਗੱਟਾ ਬਾਦਸ਼ਾਹ, ਆਲੇ ਵਾਲਾ, ਫੱਤੇ ਵਾਲਾ, ਕੁਤਬਦੀਨ ਵਾਲਾ, ਕਾਲੇ ਕੇ ਹਿੱਠਾੜ, ਬੰਡਾਲਾ, ਧੀਰਾ ਘਾਰਾ, ਨਿਹਾਲਾ ਲਵੇਰਾ, ਟੱਲੀ ਗੁਲਾਮ, ਰੱਤੋ ਕੀਆ ਬਹਿਕਾਂ, ਮੁੱਠਿਆਂ ਵਾਲਾ ਸਮੇਤ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਇਨ੍ਹਾਂ ਪਿੰਡਾਂ ਵਿੱਚ ਸੈਂਕੜੇ ਏਕੜ ਝੋਨੇ ਦੀ ਫ਼ਸਲ, ਸਬਜ਼ੀਆਂ ਅਤੇ ਪਸ਼ੂਆਂ ਦਾ ਚਾਰਾ ਪਾਣੀ ਵਿੱਚ ਡੁੱਬ ਗਿਆ ਹੈ। ਇਸ ਨਾਲ ਕਿਸਾਨਾਂ ਦਾ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ।
ਕੁੱਝ ਕਿਸਾਨਾਂ ਨੇ ਦੱਸਿਆ ਕਿ 2023 ਵਿੱਚ ਆਏ ਹੜ੍ਹਾਂ ਕਾਰਨ ਵੀ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਸਨ ਅਤੇ ਜ਼ਮੀਨਾਂ ਤੇ ਮੋਟਰਾਂ ਵਾਲੇ ਬੋਰ ਵੀ ਖ਼ਰਾਬ ਹੋ ਗਏ ਸਨ। ਉਸ ਸਮੇਂ ਜ਼ਮੀਨਾਂ ਨੂੰ ਪੱਧਰੀਆਂ ਕਰਵਾਉਣ ਅਤੇ ਨਵੇਂ ਬੋਰ ਕਰਵਾਉਣ ’ਤੇ ਕਿਸਾਨਾਂ ਦਾ ਭਾਰੀ ਖਰਚਾ ਕਰਨਾ ਪਿਆ ਸੀ, ਜਿਸ ਤੋਂ ਉਹ ਅਜੇ ਪੂਰੀ ਤਰ੍ਹਾਂ ਉੱਭਰ ਨਹੀਂ ਸਕੇ । ਹੁਣ ਦੁਬਾਰਾ ਦਿਨੋਂ ਦਿਨ ਪਾਣੀ ਵਧ ਰਿਹਾ ਹੈ।
ਕਿਸਾਨਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਵੀ ਪੂਰੀ ਢੁਕਵੀਂ ਵਿੱਤੀ ਮਦਦ ਨਹੀਂ ਕੀਤੀ ਗਈ ਸੀ। ਇਸ ਵਾਰ ਫਿਰ ਤੋਂ ਹੜ੍ਹ ਆ ਜਾਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਖਰਾਬ ਹੋ ਰਹੀਆਂ ਹਨ। ਕਈਆਂ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਫ਼ਸਲ ਤਾਂ ਪੱਕ ਕੇ ਤਿਆਰ ਹੋਣ ਵਾਲੀ ਸੀ, ਜੋ ਹੁਣ ਪਾਣੀ ਦੀ ਲਪੇਟ ਵਿੱਚ ਆ ਗਈ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨੀ ਗਈ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਤੁਰੰਤ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਨਹਿਰੀ ਵਿਭਾਗ ਅਤੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਿੰਨਾ ਪਾਣੀ ਹਰੀਕੇ ਹੈੱਡ ਤੋਂ ਛੱਡਿਆ ਜਾਂਦਾ ਹੈ ਉਂਨਾ ਹੀ ਪਾਣੀ ਹੁਸੈਨੀ ਵਾਲੇ ਹੈੱਡ ਤੋਂ ਵੀ ਨਾਲ-ਨਾਲ ਛੱਡਿਆ ਜਾਵੇ ਤਾਂ ਜੋ ਪਾਣੀ ਦਾ ਪੱਧਰ ਹੋਰ ਨਾ ਵਧੇ ਅਤੇ ਸਥਿਤੀ ਹੋਰ ਗੰਭੀਰ ਨਾ ਹੋਵੇ।