ਕੌਮੀ ਇਨਸਾਫ਼ ਮੋਰਚੇ ਵਿੱਚ ਕਈ ਮਤੇ ਪਾਸ
ਚੰਡੀਗੜ੍ਹ ਦੇ ਬਾਰਡਰ ’ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿੱਚ ਮੋਰਚੇ ਦੀ ਤਾਲਮੇਲ ਕਮੇਟੀ ਵੱਲੋਂ ਦਿੱਤੇ ਸੱਦੇ ਉੱਤੇ ਆਜ਼ਾਦੀ ਦਿਵਸ ਮੌਕੇ ਭਰਵਾਂ ਇਕੱਠ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਨਿਹੰਗ ਸਿੰਘਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਪਾਸ ਮਤਿਆਂ ਰਾਹੀਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦਾ 350ਵਾਂ ਸ਼ਹੀਦੀ ਦਿਹਾੜਾ ਮੋਰਚੇ ’ਚ ਹੀ ਵੱਡੇ ਪੱਧਰ ’ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਗੁਰਚਰਨ ਸਿੰਘ ਹਵਾਰਾ, ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਕਿਸਾਨ ਆਗੂ ਡਾ. ਦਰਸ਼ਨ ਪਾਲ, ਪਾਲ ਸਿੰਘ ਫਰਾਂਸ, ਬਲਵਿੰਦਰ ਸਿੰਘ, ਸੁੱਖ ਗਿੱਲ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਜੇ ਕੇਂਦਰ ਅਤੇ ਪੰਜਾਬ ਸਰਕਾਰ ਸਿੱਖਾਂ ਦੀਆਂ ਬੁਨਿਆਦੀ ਮੰਗਾਂ ਪੂਰੀਆਂ ਨਹੀਂ ਕਰਦੀਆਂ ਤਾਂ ਸਰਕਾਰ ਨੂੰ ਕੋਈ ਨੈਤਿਕ ਆਧਾਰ ਨਹੀਂ ਹੈ ਕਿ ਉਹ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਅਡੰਬਰ ਰਚਣ। ਇਸ ਮੌਕੇ ਸੁਖਜਿੰਦਰ ਸਿੰਘ ਖੋਸਾ, ਨਿਰਭੈ ਸਿੰਘ ਢੁੱਡੀਕੇ, ਗੁਰਿੰਦਰ ਸਿੰਘ ਭੰਗੂ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਬਹਿਰੂ, ਰਵਿੰਦਰ ਸਿੰਘ ਵਜੀਦਪੁਰ, ਅੰਗਰੇਜ਼ ਸਿੰਘ ਮੁਹਾਲੀ ਆਦਿ ਕਿਸਾਨ ਆਗੂਆਂ ਤੋਂ ਇਲਾਵਾ ਅਕਾਲੀ ਤੇ ਧਾਰਮਿਕ ਆਗੂ ਅਮਰੀਕ ਸਿੰਘ ਰੋਮੀ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਬਾਬਾ ਗੁਰਮੀਤ ਸਿੰਘ ਲੰਗਰਾਂ ਵਾਲੇ, ਬਾਬਾ ਸੁਖਦੇਵ ਸਿੰਘ ਨਾਨਕਸਰ, ਨਿਹੰਗ ਸਿੰਘ ਰਾਜਾ ਰਾਜ ਸਿੰਘ, ਨਿਹੰਗ ਸਿੰਘ ਬਾਬਾ ਕੁਲਵਿੰਦਰ ਸਿੰਘ ਚੌਂਤੇਵਾਲੇ, ਕਰਨੈਲ ਸਿੰਘ ਪੰਜੋਲੀ, ਤਰੁਣ ਜੈਨ ਬਾਵਾ ਤੇ ਸਮਾਜ ਸੇਵੀ ਅਮਿਤੋਜ ਮਾਨ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ|