ਬਾਹਮਣਵਾਲਾ ਕਤਲ ਕਾਂਡ ਦੇ ਸੱਤ ਮੁਲਜ਼ਮ ਗ੍ਰਿਫ਼ਤਾਰ
ਪਿਛਲੇ ਹਫ਼ਤੇ ਪਿੰਡ ਬਾਹਮਣਵਾਲਾ ਵਿੱਚ ਮੁਹਾਲੀ ਦੇ ਵਸਨੀਕ ਯਾਦਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਫ਼ਰੀਦਕੋਟ ਪੁਲੀਸ ਨੇ ਸ਼ੂਟਰ ਅਤੇ ਉਨ੍ਹਾਂ ਦੀ ਮਦਦ ਕਰਨ ਵਾਲੇ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਇਹ ਮੁਲਜ਼ਮ ਜੀਵਨਜੋਤ ਨਾਂ ਦੇ ਨੌਜਵਾਨ ਦਾ ਕਤਲ ਕਰਨਾ ਚਾਹੁੰਦੇ ਸੀ ਜੋ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਮੁਲਜ਼ਮ ਸੀ ਪਰ ਇਨ੍ਹਾਂ ਨੇ ਭੁਲੇਖੇ ਨਾਲ ਯਾਦਵਿੰਦਰ ਸਿੰਘ ਦਾ ਕਤਲ ਕਰ ਦਿੱਤਾ, ਕਿਉਂਕਿ ਉਹ ਜੀਵਨਜੋਤ ਦੀ ਗੱਡੀ ਵਿੱਚ ਸਵਾਰ ਸੀ।
ਜ਼ਿਲ੍ਹਾ ਪੁਲੀਸ ਮੁਖੀ ਪ੍ਰਗਿਆ ਜੈਨ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲੀਸ ਨੇ ਚਿੰਕੀ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ, ਸੂਰਜ ਕੁਮਾਰ, ਜਸਵੰਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਬੰਟੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਚਾਰ ਪਿਸਤੌਲ, 21 ਕਾਰਤੂਸ, ਵਾਰਦਾਤ ’ਚ ਵਰਤੇ ਗਏ ਹਥਿਆਰ ਤੇ ਵਾਹਨ ਬਰਾਮਦ ਕੀਤੇ ਹਨ। ਪੁਲੀਸ ਨੇ ਦਾਅਵਾ ਕੀਤਾ ਕਿ ਵਿਦੇਸ਼ ਰਹਿੰਦੇ ਪਟਿਆਲਾ ਦੇ ਨੌਜਵਾਨ ਗੌਰਵ ਲੱਕੀ ਨੇ ਇਸ ਸਾਰੀ ਘਟਨਾ ਦੀ ਸਾਜ਼ਿਸ਼ ਰਚੀ ਸੀ। ਪੁਲੀਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਮੁਲਜ਼ਮਾਂ ਦਾ ਪਿਛੋਕੜ ਵੀ ਅਪਰਾਧਿਕ ਹੈ ਤੇ ਇਨ੍ਹਾਂ ’ਤੇ ਪਹਿਲਾਂ ਵੀ ਕਈ ਅਪਰਾਧਿਕ ਕੇਸ ਦਰਜ ਹਨ। ਦੱਸਣਯੋਗ ਹੈ ਕਿ ਬੀਤੀ 22 ਜੁਲਾਈ ਨੂੰ ਯਾਦਵਿੰਦਰ ਸਿੰਘ ਪਿੰਡ ਬਾਹਮਣਵਾਲਾ ’ਚ ਇੱਕ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਆਇਆ ਸੀ। ਜਦੋਂ ਉਹ ਆਪਣੀ ਕਾਰ ਵਿੱਚ ਬੈਠਾ ਸੀ ਤਾਂ ਤਿੰਨ ਸ਼ੂਟਰਾਂ ਨੇ ਉਸ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।