ਦੋ ਧਿਰਾਂ ਦੀ ਲੜਾਈ ’ਚ ਗੋਲੀ ਚੱਲਣ ਕਾਰਨ ਗੰਭੀਰ ਜ਼ਖ਼ਮੀ
ਰਣਬੀਰ ਸਿੰਘ ਮਿੰਟੂ
ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਦਬੁਰਜੀ ’ਚ ਦੋ ਧਿਰਾਂ ਦੀ ਲੜਾਈ ਦੌਰਾਨ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਪਿੰਡ ਵਾਸੀਆਂ ਵੱਲੋਂ ਦਿੱਤੇ ਬਿਆਨਾਂ ਮੁਤਾਬਕ ਦੋ ਧਿਰਾਂ ਵਿਚਕਾਰ ਨਸ਼ੇ ਦੇ ਮਾਮਲੇ ’ਤੇ ਤਕਰਾਰ ਹੋਈ ਤੇ ਇੱਕ ਧਿਰ ਦੇ ਬਾਹਰੋਂ ਆਏ ਬੰਦਿਆਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਕਾਮੇ ਸਰਵਣ ਸਿੰਘ ਦੇ ਦੋ ਗੋਲੀਆਂ ਲੱਗੀਆਂ ਜੋ ਖੇਤਾਂ ’ਚੋਂ ਪੱਠੇ ਵੱਢ ਕੇ ਘਰ ਪਰਤ ਰਿਹਾ ਸੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਮਜੀਠਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ।
ਡੀਜੇ ਬੰਦ ਕਰਨ ਨੂੰ ਲੈ ਕੇ ਚੱਲੀ ਗੋਲੀ: ਪੁਲੀਸ
ਐੱਸਐੱਚਓ ਕਰਮਪਾਲ ਸਿੰਘ ਨੇ ਗੋਲੀ ਚੱਲਣ ਦਾ ਕਾਰਨ ਡੀਜੇ ਬੰਦ ਕਰਨ ਨੂੰ ਲੈ ਕੇ ਹੋਈ ਬਹਿਸ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਧਿਰ ਨੇ ਆਪਣੇ ਘਰ ’ਚ ਡੀਜੇ ਲਾਇਆ ਹੋਇਆ ਸੀ ਜਦਕਿ ਦੂਜੀ ਧਿਰ ਉਨ੍ਹਾਂ ਨੂੰ ਇਸ ਨੂੰ ਬੰਦ ਕਰਨ ਲਈ ਕਹਿ ਰਹੀ ਸੀ ਜਿਸ ਤੋਂ ਬਾਅਦ ਦੋਵੇਂ ਧਿਰਾਂ ’ਚ ਤਕਰਾਰ ਵਧਦੀ ਗਈ ਤੇ ਲੜਾਈ ਦੌਰਾਨ ਗੋਲੀ ਚੱਲ ਗਈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕੁਝ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ।