ਫੋਕਲ ਪੁਆਇੰਟਾਂ ਦੀ ਸੰਭਾਲ ਲਈ ਬਣੇਗੀ ਵੱਖਰੀ ਅਥਾਰਿਟੀ: ਅਰੋੜਾ
ਜਗਤਾਰ ਸਿੰਘ ਲਾਂਬਾ
ਬਿਜਲੀ ਮੰਤਰੀ ਦਾ ਕਾਰਜ ਭਾਰ ਸਾਂਭਣ ਮਗਰੋਂ ਅੱਜ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸਾਰੇ ਸਨਅਤੀ ਫੋਕਲ ਪੁਆਇੰਟਾਂ ਦੀ ਸਾਂਭ ਸੰਭਾਲ ਲਈ ਵੱਖਰੀ ਅਥਾਰਿਟੀ ਬਣਾ ਹੈ, ਜਿਸ ਨਾਲ ਸਨਤਕਾਰਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ। ਫਿਲਹਾਲ ਸਰਕਾਰ ਨੇ ਫੋਕਲ ਪੁਆਇੰਟਾਂ ਨੂੰ ਅਪਗ੍ਰੇਡ ਕਰਨ ਲਈ ਸੌ ਕਰੋੜ ਰੁਪਏ ਦੇ ਟੈਂਡਰ ਲਗਾਏ ਹਨ, ਜਿਸ ਨਾਲ ਉੱਥੇ ਸੀਵਰੇਜ਼, ਸੀਸੀਟੀਵੀ ਕੈਮਰੇ, ਲਾਈਟਾਂ, ਸੜਕਾਂ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋ ਇਲਾਵਾ ਸਨਅਤਕਾਰਾਂ ਦੀ ਸਹੂਲਤ ਲਈ ਮੁਹਾਲੀ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਐਗਜ਼ੀਬਿਸ਼ਨ ਸੈਂਟਰ ਵੀ ਬਣਾਏ ਜਾਣਗੇ। ਸ੍ਰੀ ਅਰੋੜਾ ਨੇ ਦੱਸਿਆ ਕਿ ਪੰਜਾਬ ਵਿੱਚ ਇੰਡਸਟਰੀ ਦੇ ਵਿਕਾਸ ਲਈ ਸਾਰੇ ਵੱਡੇ ਸ਼ਹਿਰਾਂ ਵਿੱਚ ‘ਰਾਈਜ਼ਿੰਗ ਪੰਜਾਬ, ਸੁਝਾਅ ਤੋਂ ਹੱਲ ਤੱਕ’ ਸਮਾਗਮ ਕੀਤੇ ਜਾ ਰਹੇ ਹਨ, ਜਿਸ ਦੀ ਅੱਜ ਅੰਮ੍ਰਿਤਸਰ ਤੋਂ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਨਅਤਕਾਰਾਂ ਲਈ ਨਵੇਂ ਉਪਰਾਲੇ ਕਰ ਰਹੀ ਹੈ ਅਤੇ ਨਵੀਂ ਯੋਜਨਾਬੰਦੀ ਲੈ ਕੇ ਆ ਰਹੇ ਹਾਂ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ ਇਕ ਲੱਖ 14 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ ਸਾਢੇ ਚਾਰ ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਸਨਅਤਕਾਰਾਂ ਨੂੰ ਲੀਜ਼ ਉੱਤੇ ਅਲਾਟ ਕੀਤੇ ਗਏ ਪਲਾਟ ਦੀ ਮਲਕੀਅਤ ਦੇ ਰਹੀ ਹੈ ਤਾਂ ਜੋ ਉਹ ਆਪਣਾ ਵਿੱਤੀ ਲੈਣ-ਦੇਣ ਅਸਾਨੀ ਨਾਲ ਕਰ ਸਕਣ। ਇਸ ਤੋ ਪਹਿਲਾ ਉਨਾਂ ਅਧਿਕਾਰੀਆਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਦੇ ਫੋਕਲ ਪੁਆਇੰਟਾਂ ਦਾ ਦੌਰਾ ਵੀ ਕੀਤਾ।