ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ’ਚ ਸੁਰੱਖਿਆ ’ਚ ਵਧਾਈ
ਪੁਲੀਸ ਵੱਲੋਂ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ
Advertisement
ਪੰਜਾਬ ਪੁਲੀਸ ਨੇ ਆਜ਼ਾਦੀ ਦਿਹਾੜੇ ਨੂੰ ਸ਼ਾਂਤੀਪੂਰਨ ਮਨਾਉਣ ਲਈ ਸੂਬੇ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਇਸ ਦੌਰਾਨ ਪੰਜਾਬ ਪੁਲੀਸ ਨੇ ਅਪਰਾਧਿਕ ਤੇ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਪੰਦਰਵਾੜਾ ਮੁਹਿੰਮ ਸ਼ੁਰੂ ਕੀਤੀ ਹੈ। ਇਸ ਬਾਰੇ ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਦੋ ਹਫ਼ਤਿਆਂ ਵਿੱਚ ਸੂਬੇ ਦੇ ਸਾਰੇ ਪੁਲੀਸ ਕਮਿਸ਼ਨਰ ਤੇ ਐੱਸਐੱਸਪੀ ਨਿਯਮਤ ਤੌਰ ’ਤੇ ਵੱਖ-ਵੱਖ ਕਾਰਵਾਈਆਂ ਕਰਨਗੇ, ਜਿਸ ਵਿੱਚ ਅੱਤਵਾਦ ਤੇ ਗੈਂਗਸਟਰਾਂ ’ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇਗੀ ਅਤੇ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ।
ਸ੍ਰੀ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਅੱਜ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ 154ਵੇਂ ਦਿਨ ਵੀ ਕਾਰਵਾਈ ਜਾਰੀ ਰੱਖੀ ਹੈ। ਅੱਜ ਪੁਲੀਸ 1300 ਤੋਂ ਵੱਧ ਪੁਲੀਸ ਮੁਲਾਜ਼ਮਾਂ ਦੀਆਂ 180 ਦੇ ਕਰੀਬ ਟੀਮਾਂ ਨੇ ਸੂਬੇ ਵਿੱਚ 481 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਪੁਲੀਸ ਨੇ 511 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ 107 ਜਣਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਖ਼ਿਲਾਫ਼ ਪੁਲੀਸ ਨੇ 80 ਕੇਸ ਦਰਜ ਕਰ ਦਿੱਤੇ ਹਨ। ਪੁਲੀਸ ਨੇ ਅੱਜ 107 ਜਣਿਆਂ ਤੋਂ 13.9 ਕਿਲੋ ਹੈਰੋਇਨ, 500 ਗ੍ਰਾਮ ਅਫੀਮ ਅਤੇ 34,820 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੁਲੀਸ ਨੇ ਅੱਜ ਸੂਬੇ ਭਰ ਵਿੱਚ 68 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬੇ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ ਹੈ।
Advertisement
Advertisement