ਨਿੱਜੀ ਹਸਪਤਾਲ ’ਤੇ ਦੂਜੀ ਵਾਰ ਗੋਲੀਬਾਰੀ
ਕਲਾਨੌਰ ਦੇ ਨਿੱਜੀ ਹਸਪਤਾਲ ’ਤੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਵੱਲੋਂ ਬੀਤੀ ਅੱਧੀ ਰਾਤ ਨੂੰ ਗੋਲੀਬਾਰੀ ਕੀਤੀ ਗਈ। ਇਸ ਹਸਪਤਾਲ ’ਤੇ 16 ਅਕਤੂਬਰ ਨੂੰ ਵੀ ਗੋਲੀਬਾਰੀ ਕੀਤੀ ਗਈ ਸੀ। ਕਲਾਨੌਰ ਰੋਡ ’ਤੇ ਸਥਿਤ ਸ੍ਰੀਰਾਮ ਹਸਪਤਾਲ ਦੇ ਮਾਲਕ ਡਾ. ਰਾਮੇਸ਼ਵਰ ਸੈਣੀ ਨੇ ਦੱਸਿਆ ਕਿ ਦੋ ਨਕਾਬਪੋਸ਼ਾਂ ਵੱਲੋਂ ਬੀਤੀ ਦੇਰ ਰਾਤ ਹਸਪਤਾਲ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਉਸ ਦੀ ਕਾਰ ’ਤੇ ਸ਼ੀਸ਼ੇ ਟੁੱਟ ਗਏ। ਇਸ ਘਟਨਾ ਮਗਰੋਂ ਹਸਪਤਾਲ ਦਾ ਸਟਾਫ ਸਹਿਮ ਗਿਆ ਹੈ। ਸ਼ੁੱਕਰਵਾਰ ਨੂੰ ਦਿਨ ਸਮੇਂ ਗੈਂਗਸਟਰਾਂ ਵੱਲੋਂ ਵਿਦੇਸ਼ੀ ਨੰਬਰਾਂ ਤੋਂ 50 ਲੱਖ ਦੀ ਫਿਰੌਤੀ ਲਈ ਵ੍ਹਟਸਐਪ ’ਤੇ ਧਮਕੀ ਵਾਲੇ ਫੋਨ ਕੀਤੇ ਗਏ ਸਨ, ਜਿਸ ਮਗਰੋਂ ਉਸ ਨੇ ਨੰਬਰ ਬਲਾਕ ਕਰ ਦਿੱਤੇ।
ਉਧਰ, ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲੀਸ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ। ਪੁਲੀਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲੀਸ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਗੈਂਗਸਟਰਾਂ ਦੀ ਪੈੜ ਨੱਪਣ ਦਾ ਯਤਨ ਕਰ ਰਹੀਆਂ ਹਨ। ਡਾ. ਰਾਮੇਸ਼ਵਰ ਸੈਣੀ ਨੇ ਦੱਸਿਆ ਕਿ ਉਹ ਮਰੀਜ਼ਾਂ ਦਾ 10 ਰੁਪਏ ਪ੍ਰਤੀ ਵਿਅਕਤੀ ਦਵਾਈਆਂ ਦੇ ਕੇ ਇਲਾਜ ਕਰਦੇ ਹਨ ਅਤੇ ਉਹ ਫਿਰੌਤੀ ਦੀ ਇੰਨੀ ਵੱਡੀ ਰਕਮ ਕਿਵੇਂ ਦੇ ਸਕਦੇ ਹਨ। ਉਨ੍ਹਾਂ ਪੰਜਾਬ ਦੇ ਡੀ ਜੀ ਪੀ ਤੋਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਐੱਸਐੱਸਪੀ ਗੁਰਦਾਸਪੁਰ ਅਦਿੱਤਿਆ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਸੀਸੀਟੀਵੀ ਫੁਟੇਜ ਜਾਰੀ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਜਲਦੀ ਕਾਬੂ ਕਰ ਲਏ ਜਾਣਗੇ।
