ਐੱਸਸੀਓ ਸੰਮੇਲਨ: ਭਾਰਤ ਦੇ ਵਿਰੋਧ ਕਾਰਨ ਜਾਰੀ ਨਾ ਹੋ ਸਕਿਆ ਸਾਂਝਾ ਐਲਾਨਨਾਮਾ
ਕਿੰਗਦਾਓ, 26 ਜੂਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹਿਲਗਾਮ ਦਹਿਸ਼ਤੀ ਹਮਲੇ ਦਾ ਜ਼ਿਕਰ ਨਾ ਹੋਣ ਅਤੇ ਭਾਰਤ ਦੇ ਸਰਹੱਦ ਪਾਰ ਅਤਿਵਾਦ ਬਾਰੇ ਖ਼ਦਸ਼ਿਆਂ ਦਾ ਹੱਲ ਨਾ ਕੱਢੇ ਜਾਣ ਕਰਕੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਾਂਝੇ ਐਲਾਨਨਾਮੇ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਐੱਸਸੀਓ ਸਰਬਸੰਮਤੀ ਦੇ ਢਾਂਚੇ ਤਹਿਤ ਕੰਮ ਕਰਦਾ ਹੈ ਅਤੇ ਰਾਜਨਾਥ ਸਿੰਘ ਵੱਲੋਂ ਇਨਕਾਰ ਕਰਨ ਦੇ ਨਤੀਜੇ ਵਜੋਂ ਚੀਨੀ ਬੰਦਰਗਾਹ ਸ਼ਹਿਰ ’ਚ ਐੱਸਸੀਓ ਦੇ ਰੱਖਿਆ ਮੰਤਰੀਆਂ ਦਾ ਸੰਮੇਲਨ ਕੋਈ ਸਾਂਝਾ ਬਿਆਨ ਜਾਰੀ ਕੀਤੇ ਬਿਨਾਂ ਹੀ ਖ਼ਤਮ ਹੋ ਗਿਆ। ਐੱਸਸੀਓ ਦੇ ਸਾਂਝੇ ਐਲਾਨਨਾਮੇ ’ਚ ਬਲੋਚਿਸਤਾਨ ਵਿੱਚ ਜਾਫਰ ਐਕਸਪ੍ਰੈੱਸ ਦੇ ਅਗਵਾ ਕਾਂਡ ਦਾ ਜ਼ਿਕਰ ਸੀ ਜਦਕਿ ਚੀਨ ਅਤੇ ਪਾਕਿਸਤਾਨ ਚਾਹੁੰਦੇ ਸਨ ਕਿ ਪਹਿਲਗਾਮ ਦਹਿਸ਼ਤੀ ਕਾਂਡ ਨੂੰ ਐਲਾਨਨਾਮੇ ਵਿੱਚੋਂ ਬਾਹਰ ਰੱਖਿਆ ਜਾਵੇ। ਇਸ ਦਾ ਰਾਜਨਾਥ ਸਿੰਘ ਅਤੇ ਭਾਰਤੀ ਵਫ਼ਦ ਨੇ ਤਿੱਖਾ ਇਤਰਾਜ਼ ਜਤਾਇਆ। ਅਤੀਤ ਵਿੱਚ ਨਵੀਂ ਦਿੱਲੀ ਨੇ ਬਲੋਚਿਸਤਾਨ ਵਿੱਚ ਆਪਣੀ ਸ਼ਮੂਲੀਅਤ ਬਾਰੇ ਪਾਕਿਸਤਾਨ ਦੇ ਦੋਸ਼ਾਂ ਨੂੰ ਲਗਾਤਾਰ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਇਸਲਾਮਾਬਾਦ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਅਤੇ ਬੇਤੁਕੇ ਦੋਸ਼ ਲਗਾਉਣ ਦੀ ਬਜਾਏ ਅਤਿਵਾਦ ਨੂੰ ਸਮਰਥਨ ਦੇਣਾ ਬੰਦ ਕਰਨਾ ਚਾਹੀਦਾ ਹੈ।
ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਸਰਹੱਦ ਪਾਰੋਂ ਅਤਿਵਾਦ ਨੂੰ ਹਮਾਇਤ ਦੇਣ ਲਈ ਪਾਕਿਸਤਾਨ ਦੀ ਲਾਹ-ਪਾਹ ਕੀਤੀ ਅਤੇ ਅਤਿਵਾਦ ਦੇ ਸਾਜ਼ਿਸ਼ਘਾੜਿਆਂ, ਵਿੱਤੀ ਸਹਾਇਤਾ ਦੇਣ ਅਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲਿਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹੇ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਕੁਝ ਮੁਲਕ ਸਰਹੱਦ ਪਾਰ ਅਤਿਵਾਦ ਨੂੰ ਨੀਤੀ ਦੇ ਇੱਕ ਸਾਧਨ ਵਜੋਂ ਵਰਤਦੇ ਹਨ ਅਤੇ ਅਤਿਵਾਦੀਆਂ ਨੂੰ ਪਨਾਹ ਦਿੰਦੇ ਹਨ। ਅਜਿਹੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ ਹੈ। ਐੱਸਸੀਓ ਨੂੰ ਅਜਿਹੇ ਮੁਲਕਾਂ ਦੀ ਆਲੋਚਨਾ ਕਰਨ ’ਚ ਕੋਈ ਝਿਜਕ ਨਹੀਂ ਦਿਖਾਉਣੀ ਚਾਹੀਦੀ ਹੈ।’’ ਰੱਖਿਆ ਮੰਤਰੀ ਨੇ ਅਤਿਵਾਦ ਖ਼ਿਲਾਫ਼ ਭਾਰਤ ਦੀ ਨੀਤੀ ’ਚ ਕੀਤੇ ਗਏ ਬਦਲਾਅ ਦਾ ਜ਼ਿਕਰ ਕਰਦਿਆਂ ਐੱਸਸੀਓ ਮੈਂਬਰ ਮੁਲਕਾਂ ਨੂੰ ਇਸ ਦੇ ਟਾਕਰੇ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ ਅਤੇ ਦੋਹਰੇ ਮਾਪਦੰਡ ਛੱਡਣ ਲਈ ਕਿਹਾ। ਸੰਮੇਲਨ ਦੌਰਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਅਤੇ ਚੀਨੀ ਰੱਖਿਆ ਮੰਤਰੀ ਡੋਂਗ ਜੁਨ ਵੀ ਹਾਜ਼ਰ ਸਨ। ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ਾਂ ਨੂੰ ਅਤਿਵਾਦੀਆਂ ਦੁਆਰਾ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰੋਂ ਤਸਕਰੀ ਲਈ ਡਰੋਨ ਸਮੇਤ ਵਰਤੀਆਂ ਜਾਂਦੀਆਂ ਤਕਨਾਲੋਜੀਆਂ ਦਾ ਮੁਕਾਬਲਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, “ਅਤਿਵਾਦ ਦੇ ਨਾਲ ਸ਼ਾਂਤੀ ਅਤੇ ਖੁਸ਼ਹਾਲੀ ਨਹੀਂ ਆ ਸਕਦੀ ਹੈ। ਗ਼ੈਰ ਰਾਜਕੀ ਅਨਸਰਾਂ ਅਤੇ ਦਹਿਸ਼ਤੀ ਗੁੱਟਾਂ ਦੇ ਹੱਥਾਂ ’ਚ ਤਬਾਹੀ ਦੇ ਵੱਡੇ ਹਥਿਆਰ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ।’’ ਰੱਖਿਆ ਮੰਤਰੀ ਨੇ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲੇ ਦਾ ਤਰੀਕਾ ਲਸ਼ਕਰ-ਏ-ਤਇਬਾ ਵੱਲੋਂ ਭਾਰਤ ’ਚ ਪਹਿਲਾਂ ਕੀਤੇ ਗਏ ਹਮਲਿਆਂ ਨਾਲ ਮੇਲ ਖਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਪਹਿਲਗਾਮ ’ਚ ਵਹਿਸ਼ੀ ਦਹਿਸ਼ਤੀ ਹਮਲੇ ਦੇ ਜਵਾਬ ’ਚ ‘ਅਪਰੇਸ਼ਨ ਸਿੰਧੂਰ’ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਐੱਸਸੀਓ ਮੈਂਬਰਾਂ ਨੂੰ ਇਕਸੁਰ ’ਚ ਅਤਿਵਾਦ ਦੀ ਨਿਖੇਧੀ ਕਰਨੀ ਚਾਹੀਦੀ ਹੈ। ਉਨ੍ਹਾਂ ਨੌਜਵਾਨਾਂ ’ਚ ਕੱਟੜਵਾਦ ਫੈਲਾਉਣ ਨੂੰ ਰੋਕਣ ਲਈ ਸਾਰਥਕ ਕਦਮ ਚੁੱਕੇ ਜਾਣ ਦਾ ਵੀ ਸੱਦਾ ਦਿੱਤਾ। ਮੌਜੂਦਾ ਹਾਲਾਤ ’ਚ ਐੱਸਸੀਓ ਦੀ ਅਹਿਮ ਭੂਮਿਕਾ ਦਾ ਜ਼ਿਕਰ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਮੈਂਬਰ ਮੁਲਕ ਆਲਮੀ ਜੀਡੀਪੀ ’ਚ ਕਰੀਬ 30 ਫ਼ੀਸਦ ਦਾ ਯੋਗਦਾਨ ਦਿੰਦੇ ਹਨ ਅਤੇ ਇਨ੍ਹਾਂ ਮੁਲਕਾਂ ’ਚ ਦੁਨੀਆ ਦੀ ਕਰੀਬ 40 ਫ਼ੀਸਦ ਅਬਾਦੀ ਰਹਿੰਦੀ ਹੈ। ਰੱਖਿਆ ਮੰਤਰੀ ਨੇ ਮੱਧ ਏਸ਼ੀਆ ਨਾਲ ਸੰਪਰਕ ਵਧਾਉਣ ਲਈ ਭਾਰਤ ਦੀ ਵਚਨਬੱਧਤਾ ਵੀ ਦੁਹਰਾਈ। ਸੰਮੇਲਨ ’ਚ ਸ਼ੰਘਾਈ ਸਹਿਯੋਗ ਸੰਗਠਨ ਦੇ 10 ਮੈਂਬਰ ਮੁਲਕਾਂ ਬੇਲਾਰੂਸ, ਚੀਨ, ਭਾਰਤ, ਇਰਾਨ, ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਪਾਕਿਸਤਾਨ, ਰੂਸ, ਤਾਜਿਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਰੱਖਿਆ ਮੰਤਰੀਆਂ ਨੇ ਹਿੱਸਾ ਲਿਆ। -ਪੀਟੀਆਈ
ਰਾਜਨਾਥ ਨੇ ਰੂਸੀ ਹਮਰੁਤਬਾ ਨਾਲ ਕੀਤੀ ਮੀਟਿੰਗ
ਕਿੰਗਦਾਓ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਰੂਸੀ ਹਮਰੁਤਬਾ ਆਂਦਰੇ ਬੇਲੋਸੋਵ ਨਾਲ ਮੀਟਿੰਗ ਕੀਤੀ ਜਿਸ ’ਚ ਖੇਤਰੀ ਸੁਰੱਖਿਆ ਹਾਲਾਤ ਅਤੇ ਦੁਵੱਲੇ ਰੱਖਿਆ ਤੇ ਰਣਨੀਤਕ ਸਬੰਧਾਂ ਉਪਰ ਧਿਆਨ ਕੇਂਦਰਤ ਕੀਤਾ ਗਿਆ। ਸੋਸ਼ਲ ਮੀਡੀਆ ਪੋਸਟ ’ਚ ਰਾਜਨਾਥ ਨੇ ਮੀਟਿੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਮੀਟਿੰਗ ’ਚ ਭਾਰਤ-ਰੂਸ ਰੱਖਿਆ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਬਾਰੇ ਚਰਚਾ ਕੀਤੀ। ਮੰਨਿਆ ਜਾ ਰਿਹਾ ਹੈ ਕਿ ਰਾਜਨਾਥ ਨੇ ਮੀਟਿੰਗ ਦੌਰਾਨ ਸਰਹੱਦ ਪਾਰ ਪਾਕਿਸਤਾਨ ਤੋਂ ਭਾਰਤ ਨੂੰ ਦਰਪੇਸ਼ ਅਤਿਵਾਦ ਦੀ ਚੁਣੌਤੀ ਦਾ ਜ਼ਿਕਰ ਕੀਤਾ। ਦੋਵੇਂ ਮੰਤਰੀਆਂ ਨੇ ਪਹਿਲੀ ਜੁਲਾਈ ਨੂੰ ਰੂਸ ਦੇ ਕਲਿਨਿਨਗ੍ਰਾਦ ਸ਼ਹਿਰ ਵਿੱਚ ਭਾਰਤੀ ਜਲ ਸੈਨਾ ਦੇ ਰੂਸੀ ਗਾਈਡਡ ਮਿਜ਼ਾਈਲ ਫ੍ਰੀਗੇਟ ਆਈਐੱਨਐੱਸ ਤਮਾਲ ਦੀ ਆਗਾਮੀ ਕਮਿਸ਼ਨਿੰਗ ਬਾਰੇ ਵੀ ਚਰਚਾ ਕੀਤੀ। ਇਸ ਦੌਰਾਨ ਰੱਖਿਆ ਮੰਤਰੀ ਨੇ ਆਪਣੇ ਬੇਲਾਰੂਸੀ ਹਮਰੁਤਬਾ ਵਿਕਟਰ ਖਰੇਨਿਨ ਨਾਲ ਮੀਟਿੰਗ ਕਰਕੇ ਦੁਵੱਲੇ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ। -ਪੀਟੀਆਈ