ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਲਈ ਸਕੂਲੀ ਪਾਠਕ੍ਰਮ ਜਾਰੀ

ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਮੱਥੇ ’ਤੇ ਲਾਇਆ ਕਲੰਕ: ਮਾਨ; ਨਸ਼ਿਆਂ ਵਿਰੁੱਧ ਜੰਗ ਲੋਕ ਲਹਿਰ ਬਣਨ ਦਾ ਦਾਅਵਾ
ਮੰਡੀ ਅਰਨੀਵਾਲਾ ਵਿੱਚ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।
Advertisement
ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ‘ਨਸ਼ਿਆਂ ਖ਼ਿਲਾਫ਼ ਜੰਗ’ ਤਹਿਤ ਪੰਜਾਬ ਦੇ ਨੌਵੀਂ ਤੋਂ 12ਵੀਂ ਤੱਕ ਦੇ ਅੱਠ ਲੱਖ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਖ਼ਤਰੇ ਬਾਰੇ ਜਾਗਰੂਕ ਕਰਨ ਲਈ ਅੱਜ ਸਕੂਲੀ ਪਾਠਕ੍ਰਮ ਜਾਰੀ ਕੀਤਾ ਹੈ। ਇਸ ਸਬੰਧੀ ਸਕੂਲ ਆਫ ਐਮੀਨੈਂਸ ਅਰਨੀਵਾਲਾ ਵਿੱਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਮੱਥੇ ਉੱਤੇ ਨਸ਼ਿਆਂ ਦਾ ਕਲੰਕ ਲਾ ਦਿੱਤਾ।

ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਪਿਛਲੇ 150 ਦਿਨਾਂ ਤੋਂ ਜਾਰੀ ਹੈ ਅਤੇ ਸੈਂਕੜੇ ਪੰਚਾਇਤਾਂ ਨੇ ਮਤੇ ਪਾਸ ਕਰ ਕੇ ਪ੍ਰਣ ਲਿਆ ਹੈ ਕਿ ਉਹ ਕਦੇ ਵੀ ਨਸ਼ਾ ਤਸਕਰਾਂ ਦਾ ਸਾਥ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਹੁਣ ਲੋਕ ਲਹਿਰ ਬਣ ਗਈ ਹੈ ਅਤੇ ਇਸ ਦੇ ਹਿੱਸੇ ਵਜੋਂ ਸੂਬਾ ਸਰਕਾਰ ਨੇ ਸਕੂਲੀ ਸਿਲੇਬਸ ਵਿੱਚ ਨਸ਼ਿਆਂ ਵਿਰੋਧੀ ਸਿੱਖਿਆ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਲੱਛਣਾਂ ਅਤੇ ਖ਼ਤਰਿਆਂ ਬਾਰੇ ਜਾਣੂੰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦੇ ਕੇ ਨੌਜਵਾਨਾਂ ਨੂੰ ਬਰਬਾਦ ਕਰ ਦਿੱਤਾ। ਹੁਣ ਸੂਬਾ ਸਰਕਾਰ ਨੇ ਨਸ਼ਾ ਛੱਡਣ ਵਾਲਿਆਂ ਦਾ ਇਲਾਜ ਯਕੀਨੀ ਬਣਾਉਣ ਲਈ ਨਸ਼ਾ-ਛੁਡਾਊ ਕੇਂਦਰ ਸ਼ੁਰੂ ਕੀਤੇ ਹਨ। ਨਸ਼ਾ ਛੱਡ ਰਹੇ ਪੀੜਤਾਂ ਦੇ ਮੁੜ-ਵਸੇਬੇ ਦੀਆਂ ਕੋਸ਼ਿਸ਼ਾਂ ਵੀ ਚੱਲ ਰਹੀਆਂ ਹਨ।

Advertisement

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਫੜਿਆ ਸੀ ਤਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਾਰੇ ਉਨ੍ਹਾਂ ਦੇ ਸਮਰਥਨ ਵਿੱਚ ਆ ਗਏ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਢੰਗ ਨਾਲ ਪੈਸਾ ਕਮਾਉਣ ਦੀ ਲਾਲਸਾ ਵਿੱਚ ਇਨ੍ਹਾਂ ਆਗੂਆਂ ਨੇ ਪੰਜਾਬ ਨੂੰ ਲੁੱਟਿਆ ਅਤੇ ਬਰਬਾਦ ਕਰ ਦਿੱਤਾ। ਮੰਤਰੀਆਂ ਦੀਆਂ ਸਰਕਾਰੀ ਕਾਰਾਂ ਵਿੱਚ ਨਸ਼ਿਆਂ ਦੇ ਪੈਕੇਟ ਸਪਲਾਈ ਕੀਤੇ ਜਾਂਦੇ ਸਨ। ਭਗਵੰਤ ਸਿੰਘ ਮਾਨ ਨੇ ਦੋਸ਼ ਲਾਇਆ ਕਿ ਨਸ਼ਾ ਤਸਕਰਾਂ ਨੂੰ ਹਾਕਮਾਂ ਦੇ ਕਰੀਬੀ ਦੋਸਤ ਮੰਨਿਆ ਜਾਂਦਾ ਹੈ, ਜਿਸ ਕਾਰਨ ਸੂਬੇ ਵਿੱਚ ਨਸ਼ਿਆਂ ਨੇ ਆਪਣੇ ਪੈਰ ਪਸਾਰੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮਜੀਠੀਆ ਵਿਰੁੱਧ ਕਾਨੂੰਨੀ ਲੜਾਈ ਉਦੋਂ ਤੱਕ ਜਾਰੀ ਰੱਖੇਗੀ, ਜਦੋਂ ਤੱਕ ਉਸ ਨੂੰ ਆਪਣੇ ਪਾਪਾਂ ਲਈ ਮਿਸਾਲੀ ਸਜ਼ਾ ਨਹੀਂ ਮਿਲ ਜਾਂਦੀ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਕਾਲੀ ਦਲ -ਭਾਜਪਾ ਸਰਕਾਰ ਦੌਰਾਨ ਸੂਬੇ ਵਿੱਚ ਨਸ਼ਿਆਂ ਦੀ ਮਹਾਂਮਾਰੀ ਨੇ ਪੈਰ ਪਸਾਰ ਲਏ ਸਨ ਅਤੇ ਸਕੂਲੀ ਪਾਠਕ੍ਰਮ ਨਾਲ ਸੂਬੇ ਵਿੱਚੋਂ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿੱਚ ਮਦਦ ਮਿਲੇਗੀ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਨਾ, ਜਲਾਲਾਬਾਦ ਦੇ ਵਿਧਾਇਕ ਜਗਦੀਪ ਕੁਮਾਰ ਗੋਲਡੀ ਕੰਬੋਜ, ਬੱਲੂਆਣਾ ਦੇ ਵਿਧਾਇਕ ਅਮਨਦੀਪ ਗੋਲਡੀ ਮੁਸਾਫ਼ਿਰ ਅਤੇ ਸਿੱਖਿਆ ਸਕੱਤਰ ਅਨਿੰਦਿਤਾ ਮਿੱਤਰਾ ਹਾਜ਼ਰ ਸਨ।

ਨਸ਼ਿਆਂ ਖ਼ਿਲਾਫ਼ ਜੰਗ ਫ਼ੈਸਲਾਕੁਨ ਮੋੜ ’ਤੇ ਪੁੱਜੀ: ਕੇਜਰੀਵਾਲ

ਅਰਨੀਵਾਲਾ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਇਸ ਸਰਹੱਦੀ ਜ਼ਿਲ੍ਹੇ ਤੋਂ ਪੰਜਾਬ ਦੀ ਨਸ਼ਿਆਂ ਖ਼ਿਲਾਫ਼ ਜੰਗ ਵਿੱਚ ਨਵੇਂ ਅਧਿਆਇ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਸ਼ਿਆਂ ਵਿਰੁੱਧ ਜੰਗ ਫ਼ੈਸਲਾਕੁਨ ਮੋੜ ’ਤੇ ਪੁੱਜ ਗਈ ਹੈ ਅਤੇ ਸੂਬਾ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤੀਜੇ ਪੜਾਅ ਤਹਿਤ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਸਾਰੇ ਸਰਕਾਰੀ ਸਕੂਲਾਂ ਵਿੱਚ ਵਿਸ਼ੇਸ਼ ਪਾਠਕ੍ਰਮ ਲਿਆਂਦਾ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਬਦਕਿਸਮਤੀ ਹੈ ਕਿ ਪੰਜਾਬ ਕੌਮਾਂਤਰੀ ਸਰਹੱਦ ਉੱਤੇ ਪੈਣ ਕਾਰਨ ਆਪਣੀ ਭੂਗੋਲਿਕ ਸਥਿਤੀ ਦੇ ਮੱਦੇਨਜ਼ਰ ਤਸਕਰਾਂ ਲਈ ਲਾਂਘਾ ਬਣਿਆ। ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਹਮੇਸ਼ਾ ਹਰ ਖੇਤਰ ਵਿੱਚ ਮੋਹਰੀ ਰਿਹਾ ਹੈ ਅਤੇ ਹੁਣ ਸੂਬੇ ਦੇ ਸਕੂਲੀ ਬੱਚੇ ਨਸ਼ਿਆਂ ਨੂੰ ਨਾਂਹ ਕਹਿਣ ਵਿੱਚ ਦੇਸ਼ ਦੀ ਅਗਵਾਈ ਕਰਨਗੇ।

 

 

Advertisement
Show comments