ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਗਰੋਂ ਭਾਜੜਾਂ
ਇਥੋਂ ਦੇ ਕੁੱਝ ਨਾਮਵਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀਆਂ ਈਮੇਲ ਮਿਲਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸਹਿਮ ਫ਼ੈਲ ਗਿਆ। ਸੀਨੀਅਰ ਸਟੱਡੀ ਸਕੂਲ ਅਤੇ ਦਿੱਲੀ ਪਬਲਿਕ ਸਕੂਲ ਸਮੇਤ ਕੁਝ ਹੋਰ ਪ੍ਰਮੁੱਖ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਤੋਂ ਤੁਰੰਤ ਬਾਅਦ ਸਕੂਲ ਪ੍ਰਬੰਧਕਾਂ ਵਿੱਚ ਹਫੜਾ-ਦਫੜੀ ਮੱਚ ਗਈ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ।
ਸਕੂਲ ਪ੍ਰਬੰਧਕਾਂ ਵੱਲੋਂ ਸੂਚਿਤ ਕਰਨ ਤੋਂ ਬਾਅਦ ਘਬਰਾਏ ਮਾਪੇ ਤੁਰੰਤ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਵੱਲ ਦੌੜੇ। ਸੋਸ਼ਲ ਮੀਡੀਆ ’ਤੇ ਸਕੂਲ ’ਚੋਂ ਬੰਬ ਮਿਲਣ ਦੀ ਆਡੀਓ ਵਾਇਰਲ ਹੋਣ ’ਤੇ ਸਥਿਤੀ ਹੋਰ ਗੰਭੀਰ ਹੋ ਗਈ। ਹਾਲਾਂਕਿ ਇਹ ਆਡੀਓ ਝੂਠੀ ਸਾਬਤ ਹੋਈ ਪਰ ਇਸ ਨੇ ਮਾਪਿਆਂ ਦੇ ਸਾਹ ਸੂਤ ਲਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਤੁਰੰਤ ਜ਼ਿਲ੍ਹੇ ਦੇ ਸਕੂਲਾਂ ਵਿੱਚ ਅੱਜ ਲਈ ਛੁੱਟੀ ਦਾ ਐਲਾਨ ਕਰ ਦਿੱਤਾ। ਜਾਰੀ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਕਿ ਇਹ ਕਦਮ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ।
ਇਸ ਦੌਰਾਨ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲੀਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਘਬਰਾਉਣ ਦੀ ਲੋੜ ਨਹੀਂ। ਕਮਿਸ਼ਨਰ ਨੇ ਦੱਸਿਆ ਕਿ ਧਮਕੀ ਮਿਲਣ ਤੋਂ ਤੁਰੰਤ ਬਾਅਦ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਬੰਬ ਨਕਾਰਾ ਕਰਨ ਵਾਲੇ ਦਸਤਿਆਂ ਨੇ ਸਕੂਲਾਂ ਦੀ ਤਲਾਸ਼ੀ ਲਈ। ਜਾਂਚ ਦੌਰਾਨ ਕੋਈ ਵੀ ਧਮਾਕਾਖੇਜ਼ ਸਮੱਗਰੀ ਨਹੀਂ ਮਿਲੀ। ਮੁੱਢਲੀ ਜਾਂਚ ਵਿੱਚ ਇਹ ਧਮਕੀ ਵਾਲੇ ਈਮੇਲ ਪੂਰੀ ਤਰ੍ਹਾਂ ਫ਼ਰਜ਼ੀ ਨਿਕਲੇ।
ਭਾਵੇਂ ਇਹ ਧਮਕੀ ਅਫ਼ਵਾਹ ਸਾਬਤ ਹੋਈ ਹੈ ਪਰ ਪੁਲੀਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਧਮਕੀ ਦੇ ਸਰੋਤ ਦਾ ਪਤਾ ਲਾਉਣ ਲਈ ਸਾਈਬਰ ਸੈੱਲ ਦੇ ਮਾਹਿਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਖ਼ੁਫ਼ੀਆ ਅਤੇ ਕੇਂਦਰੀ ਏਜੰਸੀਆਂ ਦੀ ਵੀ ਮਦਦ ਲਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਮੰਦਰ ਸਾਹਿਬ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਹੈਰਾਨੀ ਦੀ ਗੱਲ ਹੈ ਕਿ ਪੁਲੀਸ ਹਾਲੇ ਤੱਕ ਉਨ੍ਹਾਂ ਸ਼ੱਕੀ ਈਮੇਲਾਂ ਦੇ ਸਰੋਤ ਲੱਭਣ ਅਤੇ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਨਾਕਾਮ ਰਹੀ ਹੈ।
