ਸਤੀਸ਼ ਵਰਮਾ ਨੂੰ ‘ਭੂਸ਼ਨ ਧਿਆਨਪੁਰੀ’ ਯਾਦਗਾਰੀ ਪੁਰਸਕਾਰ
ਕੁਲਦੀਪ ਸਿੰਘ
ਸਵਪਨ ਫਾਊਂਡੇਸ਼ਨ ਪਟਿਆਲਾ ਵੱਲੋਂ ਟੀ ਐੱਸ ਸੈਂਟਰਲ ਸਟੇਟ ਲਾਇਬ੍ਰੇਰੀ ਦੇ ਸਹਿਯੋਗ ਨਾਲ ਤੀਜਾ ‘ਭੂਸ਼ਨ ਧਿਆਨਪੁਰੀ’ ਯਾਦਗਾਰੀ ਵਾਰਤਕ ਪੁਰਸਕਾਰ ਉੱਘੇ ਲੇਖਕ ਡਾ. ਸਤੀਸ਼ ਕੁਮਾਰ ਵਰਮਾ ਨੂੰ ਦਿੱਤਾ ਗਿਆ। ਇੱਥੇ ਸੈਕਟਰ 17 ਸਥਿਤ ਲਾਇਬ੍ਰੇਰੀ ਵਿੱਚ ਕਰਵਾਏ ਸਮਾਗਮ ਦੀ ਸ਼ੁਰੂਆਤ ਵਿੱਚ ਸੰਦੀਪ ਜਸਵਾਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਪੱਤਰਕਾਰ ਅਤੇ ਰੰਗਕਰਮੀ ਪ੍ਰੀਤਮ ਰੁਪਾਲ ਨੇ ਡਾ. ਵਰਮਾ ਨੂੰ ਬਹੁਪੱਖੀ ਪ੍ਰਤਿਭਾ ਦਾ ਮਾਲਕ ਆਖਿਆ। ਇਸ ਦੌਰਾਨ ਕਵੀ ਹਰਵਿੰਦਰ ਸਿੰਘ ਨੇ ਕਿਹਾ ਕਿ ਡਾ. ਵਰਮਾ ਨੂੰ ਵਾਰਤਕ ਦੀ ਭਾਸ਼ਾ ਬਾਰੇ ਪਤਾ ਹੈ ਕਿ ਵਾਕ ਕਿਵੇਂ ਬਣਦਾ ਹੈ। ਰੰਗਕਰਮੀ ਸੰਜੀਵਨ ਸਿੰਘ ਨੇ ਵਰਮਾ ਨਾਲ ਨਿੱਜੀ ਸਬੰਧਾਂ ਦਾ ਜ਼ਿਕਰ ਕੀਤਾ। ਇਸ ਉਪਰੰਤ ਡਾ. ਵਰਮਾ ਦਾ ਫੁਲਕਾਰੀ ਤੇ 21 ਹਜ਼ਾਰ ਰੁਪਏ ਨਾਲ ਸਨਮਾਨ ਕੀਤਾ ਗਿਆ। ਪ੍ਰਧਾਨਗੀ ਮੰਡਲ ’ਚੋਂ ਕਹਾਣੀਕਾਰ ਬਲਜੀਤ ਨੇ ਕਿਹਾ ਕਿ ਇਹ ਸਨਮਾਨ ਪਹਿਲਾਂ ਵੀ ਉੱਘੇ ਸਹਿਤਕਾਰਾਂ ਨੂੰ ਦਿੱਤੇ ਗਏ ਤੇ ਅੱਗੇ ਵੀ ਦਿੱਤੇ ਜਾਣਗੇ। ਲੇਖਕ ਤੇ ਅਨੁਵਾਦਕ ਜੰਗ ਬਹਾਦੁਰ ਗੋਇਲ ਨੇ ਡਾ. ਵਰਮਾ ਨੂੰ ਹਰਫਨਮੌਲਾ ਸਾਹਿਤਕਾਰ ਦੱਸਦੇ ਹੋਏ ਚਾਨਣ ਮੁਨਾਰਾ ਕਿਹਾ। ਸਮਾਗਮ ਦੇ ਮੁੱਖ ਮਹਿਮਾਨ ਉੱਘੇ ਕਵੀ, ਆਲੋਚਕ ਤੇ ਚਿੰਤਕ ਡਾ. ਵਨੀਤਾ ਨੇ ਕਿਹਾ ਕਿ ਇਨ੍ਹਾਂ ਨੇ ਹਰ ਵਿਧਾ ’ਤੇ ਸਾਹਿਤਕ ਕਾਰਜ ਕਰ ਕੇ ਇਕ ਰਾਹ ਦਸੇਰੇ ਦਾ ਕੰਮ ਕੀਤਾ। ਪ੍ਰਧਾਨਗੀ ਭਾਸ਼ਣ ਦਿੰਦਿਆਂ ਕਵੀ, ਨਾਵਲਕਾਰ ਤੇ ਆਲੋਚਕ ਡਾ. ਮਨਮੋਹਨ ਨੇ ਡਾ. ਵਰਮਾ ਦੀ ਵਾਰਤਕ ਦੀ ਵਾਕ ਬਣਤਰ ਦੀ ਸ਼ਲਾਘਾ ਕੀਤੀ।
ਭਾਰਤੀ ਸਾਹਿਤ ਅਕਾਦਮੀ ਵੱਲੋਂ ਨੌਜਵਾਨ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ। ਸਮਾਗਮ ਦਾ ਸੰਚਾਲਨ ਫਾਊਂਡੇਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਬਾਖ਼ੂਬੀ ਕੀਤਾ। ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
