ਸਰਪੰਚ ਦੇ ਪੁੱਤਰ ਦਾ ਕਤਲ ਮਾਮਲਾ: ਦੂਜੇ ਦਿਨ ਵੀ ਧਰਨਾ ਜਾਰੀ; ਸਿੱਧੂ ਮੂਸੇਵਾਲਾ ਦੇ ਪਿਤਾ ਵੀ ਪਹੁੰਚੇ
ਕਸਬਾ ਸ਼ਹਿਣਾ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਕੱਲ ਹੋਏ ਕਤਲ ਦਾ ਮਾਮਲਾ ਤੇਜ਼ੀ ਨਾਲ ਗਰਮਾ ਰਿਹਾ ਹੈ ਅਤੇ ਅੱਜ ਦੂਸਰੇ ਦਿਨ ਵੀ ਸਮਾਜ ਸੇਵੀ ਜਥੇਬੰਦੀਆਂ, ਬਲਾਕ ਸ਼ਹਿਣਾ ਦੇ ਪੰਚਾਂ-ਸਰਪੰਚਾਂ, ਕਿਸਾਨ ਜੱਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਬੱਸ ਸਟੈਂਡ ਤੇ ਚੱਕਾ ਜਾਮ ਕਰ ਦਿੱਤਾ ਅਤੇ ਲਗਾਤਾਰ ਧਰਨਾ ਦਿੱਤਾ।
ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁੱਤ ਦੇ ਕਤਲ ਪਿੱਛੋਂ ਜੋ ਸੰਤਾਪ ਮੈਂ ਪਿਛਲੇ ਤਿੰਨ ਸਾਲਾਂ ਵਿੱਚ ਭੋਗਿਆ ਹੈ ਉਹ ਮੈਂ ਹੀ ਜਾਣਦਾ ਹਾਂ। ਜੇਕਰ ਰੱਬ ਕਰੇ ਤਾਂ ਭਾਣਾ ਮੰਨ ਲਈਏ ਜਦੋਂ ਸਰਕਾਰਾਂ ਕਰਨ ਤਾਂ ਕੀ ਕਰੀਏ।
ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਨੇ ਕਿਹਾ ਕਿ ਸੁਖਵਿੰਦਰ ਸਿੰਘ ਕਲਕੱਤਾ ਸਰਕਾਰੀ ਤੰਤਰ ਦੀਆਂ ਅੱਖਾਂ ਵਿੱਚ ਰੋੜ ਵਾਂਗੂੰ ਚੁਭਦਾ ਸੀ। ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਤਲ ਦੀ ਤਹਿ ਤੱਕ ਜਾਇਆ ਜਾਵੇ ਅਤੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦਿੱਤੀਆਂ ਜਾਣ।
ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ, ਬੀਬੀ ਸੁਰਿੰਦਰ ਕੌਰ ਬਾਲੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਈਮਾਨ ਸਿੰਘ ਮਾਨ, ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਘ ਪੰਧੇਰ, ਸਮਾਜ ਸੇਵੀ ਲੱਖਾ ਸਿਧਾਣਾ, ਪੰਨਾ ਸਿੰਘ ਸਿੱਧੂ, ਤਰਨਜੀਤ ਸਿੰਘ ਦੁੱਗਲ, ਕਸਬੇ ਸ਼ਹਿਣੇ ਦੇ ਸਰਪੰਚ ਨਾਜ਼ਮ ਸਿੰਘ, ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਸਰਕਲ ਪ੍ਰਧਾਨ ਗੁਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਕਲੱਬਾਂ ਦੇ ਆਗੂ, ਪੰਚ ਸਰਪੰਚ, ਪਿੰਡਾਂ ਦੀਆਂ ਕਿਸਾਨ ਯੂਨੀਅਨ ਦੇ ਆਗੂ ਵੱਡੀ ਪੱਧਰ ਤੇ ਪਹੁੰਚੇ ਹੋਏ ਸਨ।
ਦਿਨ-ਰਾਤ ਦੇ ਲੱਗੇ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ। ਦੂਸਰੇ ਪਾਸੇ ਪੁਲੀਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਹਾਜ਼ਰ ਬੁਲਾਰਿਆਂ ਨੇ ਸੁਖਵਿੰਦਰ ਸਿੰਘ ਕਲਕੱਤਾ ਨੂੰ ਲੋਕਾਂ ਦੀ ਆਵਾਜ਼ ਉਠਾਉਣ ਵਾਲਾ ਲੋਕ ਆਗੂ ਕਰਾਰ ਦਿੱਤਾ। ਪੁਲੀਸ ਸੁਖਵਿੰਦਰ ਸਿੰਘ ਕਲਕੱਤਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਲੈ ਗਈ ਹੈ।