ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਸਰਪੰਚੀ’ ਨੂੰ ਤਰਸੇ ਸਰਪੰਚ

ਪੰਜ ਮਹੀਨਿਆਂ ਤੋਂ ਅਹੁਦਾ ਸੰਭਾਲਣ ਦੀ ਉਡੀਕ; ਕਈ ਪੰਚਾਇਤਾਂ ਨੂੰ ਨਾ ਮਿਲਿਆ ਪਿਛਲਾ ਰਿਕਾਰਡ
ਨਾਭਾ ਬੀ ਡੀ ਪੀ ਓ ਦਫਤਰ।
Advertisement

ਮੋਹਿਤ ਸਿੰਗਲਾ

ਨਾਭਾ ਦੇ ਤਿੰਨ ਪਿੰਡਾਂ ਵਿੱਚ ਸਰਪੰਚ ਬਣਿਆਂ ਨੂੰ ਪੰਜ ਮਹੀਨੇ ਬੀਤਣ ਦੇ ਬਾਵਜੂਦ ਹਾਲੇ ਤੱਕ ਅਹੁਦੇ ਦਾ ਹਲਫ਼ ਨਹੀਂ ਦਿਵਾਇਆ ਗਿਆ। ਇਸ ਤੋਂ ਇਲਾਵਾ ਸਾਲ ਬੀਤਣ ਦੇ ਬਾਵਜੂਦ ਕਈ ਪੰਚਾਇਤਾਂ ਪਿਛਲੇ ਹਿਸਾਬ-ਕਿਤਾਬ ਨੂੰ ਉਡੀਕ ਰਹੀਆਂ ਹਨ। ਪਿਛਲਾ ਰਿਕਾਰਡ ਨਾ ਮਿਲਣ ਕਾਰਨ ਪੰਚਾਇਤਾਂ ਨੇ ਨਵੇਂ ਸਿਰੇ ਤੋਂ ਕਾਰਵਾਈ ਲਈ ਆਪਣੇ ਰਜਿਸਟਰ ਲਗਾ ਲਏ ਹਨ। ਨਾਭਾ ਦੇ ਪਿੰਡ ਘਨੁੜਕੀ, ਹਲੋਤਾਲੀ ਅਤੇ ਉੱਪਲਾਂ ਵਿੱਚ 27 ਜੁਲਾਈ ਨੂੰ ਜ਼ਿਮਨੀ ਚੋਣ ਰਾਹੀਂ ਸਰਪੰਚਾਂ ਦੀ ਚੋਣ ਹੋਈ ਸੀ। ਪਿਛਲੇ ਸਾਲ ਚੁਣੇ ਘਨੁੜਕੀ ਦੇ ਸਰਪੰਚ ਹਰਮੇਸ਼ ਸਿੰਘ ਅਤੇ ਹਲੋਤਾਲੀ ਦੀ ਮੋਹਿੰਦਰ ਕੌਰ ਦੀ ਮੌਤ ਹੋ ਗਈ ਸੀ ਤੇ ਪਿੰਡ ਉੱਪਲਾਂ ਵਿੱਚ ਪਿਛਲੇ ਸਾਲ ਚੋਣਾਂ ਵਿੱਚ ਕੋਈ ਉਮੀਦਵਾਰ ਖੜ੍ਹਾ ਨਹੀਂ ਹੋਇਆ। ਚਾਰ ਮਹੀਨੇ ਪਹਿਲਾਂ ਉੱਪਲਾਂ ਤੋਂ ਰਣਜੀਤ ਕੌਰ, ਘਨੁੜਕੀ ਤੋਂ ਜਸਬੀਰ ਸਿੰਘ ਤੇ ਹਲੋਤਾਲੀ ਤੋਂ ਮਨਦੀਪ ਕੌਰ ਨੇ ਸਰਪੰਚੀ ਦੀ ਚੋਣ ਜਿੱਤੀ ਸੀ ਪਰ ਉਨ੍ਹਾਂ ਨੂੰ ਹਾਲੇ ਤੱਕ ਚਾਰਜ ਨਹੀਂ ਮਿਲਿਆ। ਇਹ ਤਿੰਨੋਂ ਸਰਪੰਚ ਰਾਖਵੀਂ ਸ਼੍ਰੇਣੀ ਵਿੱਚੋਂ ਹਨ।

Advertisement

ਪਿਛਲੇ ਸਾਲ ਚੁਣੇ ਕਈ ਸਰਪੰਚਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਹਾਲੇ ਤੱਕ ਪਿਛਲਾ ਕੋਈ ਰਿਕਾਰਡ ਨਹੀਂ ਦਿੱਤਾ ਗਿਆ। ਪਿੰਡ ਰਾਮਗੜ੍ਹ ਦੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਰਿਕਾਰਡ ਮੁਹੱਈਆ ਕਰਾਉਣ ਲਈ ਮਤਾ ਪਾ ਕੇ ਭੇਜਣ ਦੇ ਬਾਵਜੂਦ ਕੋਈ ਅਸਰ ਨਹੀਂ ਹੋਇਆ। ਥੂਹੀ ਦੇ ਸਰਪੰਚ ਸੁਖਜੀਤ ਸਿੰਘ ਨੇ ਦੱਸਿਆ ਕਿ ਪੰਚਾਇਤ ਕੋਲ ਕੀ ਸਟਾਕ ਹੈ ਜਾਂ ਪਿਛਲੀ ਪੰਚਾਇਤ ਸਮੇਂ ਆਈ ਕਿਹੜੀ ਗਰਾਂਟ ਦਾ ਕੰਮ ਹੋ ਗਿਆ ਤੇ ਕਿਸ ਦਾ ਬਕਾਇਆ ਹੈ, ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੂੰ ਨਵੇਂ ਕਾਰਵਾਈ ਰਜਿਸਟਰ ਲਾ ਕੇ ਕੰਮ ਸ਼ੁਰੂ ਕਰਨਾ ਪਿਆ। ਹਲੋਤਾਲੀ ਦੀ ਸਰਪੰਚ ਮਰਹੂਮ ਮੋਹਿੰਦਰ ਕੌਰ ਦੇ ਪੁੱਤਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦੇ ਸਰਪੰਚ ਬਣਨ ਤੋਂ ਪਹਿਲਾਂ ਕਾਗਜ਼ਾਂ ਵਿੱਚ ਪੰਚਾਇਤ ਕੋਲ ਇੱਕ ਲੱਖ ਇੱਟ ਹੈ, ਜਦਕਿ ਹਕੀਕਤ ਵਿੱਚ ਇਹ 20 ਹਜ਼ਾਰ ਹੀ ਸੀ। ਪੰਚਾਇਤ ਵਿਭਾਗ 80 ਹਜ਼ਾਰ ਇੱਟ ਦੀ ਜਵਾਬ-ਤਲਬੀ ਸਰਬਸੰਮਤੀ ਨਾਲ ਚੁਣੀ ਉਨ੍ਹਾਂ ਦੀ ਮਾਤਾ ਕੋਲੋਂ ਕਰਦਾ ਰਿਹਾ। ਇਸ ਪ੍ਰੇਸ਼ਾਨੀ ’ਚ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ।

ਰਿਕਾਰਡ ਤਸਦੀਕ ਕਰਨ ਤੋਂ ਝਿਜਕ ਰਹੀ ਹੈ ਪੰਚਾਇਤ

ਸਮਾਜਿਕ ਕਾਰਕੁਨ ਗੁਰਮੀਤ ਸਿੰਘ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਲੰਮਾ ਸਮਾਂ ਪ੍ਰਬੰਧਕ ਲੱਗੇ ਰਹੇ, ਜਿਸ ਕਾਰਨ ਬਿਨਾਂ ਚੈੱਕ ਕੀਤੇ ਰਿਕਾਰਡ ਨੂੰ ਸਹੀ ਤਸਦੀਕ ਕਰਨ ਤੋਂ ਸਰਪੰਚ ਝਿਜਕ ਰਹੇ ਹਨ। ਇਹ ਪੰਚਾਇਤ ਵਿਭਾਗ ਦੀ ਜ਼ਿੰਮੇਵਾਰੀ ਹੈ ਕਿ ਪਿਛਲਾ ਸਾਰਾ ਹਿਸਾਬ-ਕਿਤਾਬ ਤੇ ਬਕਾਇਆ ਚੈੱਕ ਕਰਵਾਇਆ ਜਾਵੇ।

ਮੰਗਣ ’ਤੇ ਰਿਕਾਰਡ ਦਿੱਤਾ ਜਾਵੇਗਾ: ਬੀ ਡੀ ਪੀ ਓ

ਨਾਭਾ ਦੀ ਬੀ ਡੀ ਪੀ ਓ ਬਲਜੀਤ ਕੌਰ ਨੇ ਕਿਹਾ ਕਿ ਪੰਚਾਇਤ ਨੂੰ ਰਿਕਾਰਡ ਨਾ ਦੇਣ ਸਬੰਧੀ ਕੋਈ ਸਮੱਸਿਆ ਨਹੀਂ, ਜੇ ਪੀੜਤ ਸਰਪੰਚ ਉਨ੍ਹਾਂ ਨੂੰ ਆ ਕੇ ਦੱਸਣ ਤਾਂ ਰਿਕਾਰਡ ਦੇ ਦਿੱਤਾ ਜਾਵੇਗਾ। ਨਵੇਂ ਸਰਪੰਚਾਂ ਨੂੰ ਸਹੁੰ ਚੁਕਾਉਣ ਬਾਬਤ ਉਨ੍ਹਾਂ ਕਿਹਾ ਕਿ ਹਾਲੇ ਨੋਟੀਫਿਕੇਸ਼ਨ ਪ੍ਰਾਪਤ ਨਹੀਂ ਹੋਇਆ। ਇਸ ਸਬੰਧੀ ਏ ਡੀ ਸੀ ਪਟਿਆਲਾ ਦਮਨਜੀਤ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਉਹ ਮਾਮਲੇ ਬਾਰੇ ਪਤਾ ਕਰਨਗੇ।

Advertisement
Show comments