ਸਰਪੰਚ ਖ਼ੁਦਕੁਸ਼ੀ ਮਾਮਲਾ: ਵਿਧਾਇਕ ਤੇ ਪੀਏ ਨੂੰ ਕਲੀਨ ਚਿੱਟ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 28 ਜੂਨ
ਗੁਰੂਹਰਸਹਾਏ ਦੇ ਪਿੰਡ ਤਰਿੱਡਾ ਦੇ ਸਰਪੰਚ ਜਸ਼ਨਪ੍ਰੀਤ ਬਾਵਾ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਸਿਟ ਦੀ ਰਿਪੋਰਟ ਤੋਂ ਬਾਅਦ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਪੀਏ ਬਚਿੱਤਰ ਸਿੰਘ ਲਾਡੀ ਨੂੰ ਕਲੀਨ ਚਿੱਟ ਮਿਲ ਗਈ ਹੈ। ਜਸ਼ਨਪ੍ਰੀਤ ਦੇ ਪਿਤਾ ਤਰਸੇਮ ਲਾਲ ਅਤੇ ਕੁਝ ਹੋਰ ਗਵਾਹਾਂ ਦੇ ਬਿਆਨਾਂ ’ਤੇ ਪੁਲੀਸ ਨੇ ਹੁਣ ਪੰਜ ਹੋਰ ਵਿਅਕਤੀਆਂ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ। 31 ਮਈ ਨੂੰ ਸਰਪੰਚ ਜਸ਼ਨਪ੍ਰੀਤ ਨੇ ਆਪਣੇ ਘਰ ਵਿੱਚ ਆਪਣੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਪੁਲੀਸ ਨੇ ਸੀਆਰਪੀਸੀ ਦੀ ਧਾਰਾ-174 ਤਹਿਤ ਕਾਰਵਾਈ ਕਰ ਕੇ ਫਾਈਲ ਬੰਦ ਕਰ ਦਿੱਤੀ ਸੀ। ਸਸਕਾਰ ਤੋਂ ਬਾਅਦ 5 ਜੂਨ ਨੂੰ ਤਰਸੇਮ ਲਾਲ ਨੇ ਦਰਖ਼ਾਸਤ ਦੇ ਕੇ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਪੀਏ ਬਚਿੱਤਰ ਸਿੰਘ ਲਾਡੀ ਨੂੰ ਜਸ਼ਨਪ੍ਰੀਤ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ। ਹੁਣ ਤਰਸੇਮ ਲਾਲ ਨੇ ਸਿਟ ਸਾਹਮਣੇ ਬਿਆਨ ਦਿੱਤਾ ਹੈ ਕਿ ਉਸ ਸਮੇਂ ਉਹ ਸਦਮੇ ਵਿੱਚ ਸੀ ਅਤੇ ਉਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਇੱਥੋਂ ਤੱਕ ਕਿ ਜਸ਼ਨਪ੍ਰੀਤ ਨੂੰ ਸਰਪੰਚ ਬਣਾਉਣ ਲਈ ਵਿਧਾਇਕ ਅਤੇ ਉਨ੍ਹਾਂ ਦੇ ਪੀਏ ਵੱਲੋਂ ਕਥਿਤ ਤੌਰ ’ਤੇ ਲਏ ਗਏ ਦਸ ਲੱਖ ਰੁਪਏ ਦੇ ਦੋਸ਼ਾਂ ਤੋਂ ਵੀ ਤਰਸੇਮ ਲਾਲ ਸਿੱਟ ਸਾਹਮਣੇ ਮੁੱਕਰ ਗਿਆ ਹੈ ਅਤੇ ਇਨ੍ਹਾਂ ਦੋਵਾਂ ਨੂੰ ਬੇਕਸੂਰ ਦੱਸਿਆ। ਸਿਟ ਨੇ ਤਰਸੇਮ ਲਾਲ ਦੀ ਪਤਨੀ ਸਣੇ ਸੱਤ ਹੋਰ ਵਿਅਕਤੀਆਂ ਦੇ ਬਿਆਨ ਵੀ ਦਰਜ ਕੀਤੇ ਹਨ। ਹੁਣ ਜਿਨ੍ਹਾਂ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੋਨਾ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ ਅਤੇ ਸੁਖਵਿੰਦਰ ਸਿੰਘ (ਸਾਰੇ ਪਿੰਡ ਤਰਿੱਡਾ) ਸਣੇ ਐੱਸਕੇਸੀ ਕਲੋਨੀ ਗੁਰੂਹਰਸਹਾਏ ਦਾ ਰਹਿਣ ਵਾਲਾ ਕਰਨਬੀਰ ਸਿੰਘ ਢਿੱਲੋਂ ਸ਼ਾਮਲ ਹਨ।